ਚੰਡੀਗੜ੍ਹ: ਫਾਰਮਾਸਿਸਟ ਮਲਟੀਪਲ ਹੈਲਥ ਵਰਕਰ ਤੇ ਦਰਜਾ ਚਾਰ ਮੁਲਾਜ਼ਮ ਜਥੇਬੰਦੀਆਂ ਦੀ ਮੰਗਲਵਾਰ ਨੂੰ ਮੰਗਾਂ ਸਬੰਧੀ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਪੰਜਾਬ ਭਵਨ ਵਿਖੇ ਮੀਟਿੰਗ ਬੇਨਤੀਜਾ ਰਹੀ।
ਡਿਸਪੈਂਸਰੀਆਂ ਵਿੱਚ ਪੰਦਰਾਂ ਸਾਲਾਂ ਤੋਂ ਕੰਮ ਕਰ ਰਹੇ ਇਹ ਮੁਲਾਜ਼ਮ ਰੈਗੂਲਰ ਕਰਨ ਅਤੇ ਤਨਖ਼ਾਹਾਂ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ। ਜਾਣਕਾਰੀ ਅਨੁਸਾਰ ਇਹ ਜਥੇਬੰਦੀਆਂ 19 ਜੂਨ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ।
ਈ.ਟੀ.ਵੀ. ਭਾਰਤ ਨੂੰ ਜਾਣਕਾਰੀ ਦਿੰਦਿਆਂ ਫ਼ਾਰਮਾਸਿਸਟ ਐਸੋਸੀਏਸ਼ਨ ਦੇ ਆਗੂ ਨਵਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵਿੱਚ ਉਨ੍ਹਾਂ ਨੂੰ ਰੱਖਿਆ ਗਿਆ ਸੀ। ਕੋਰੋਨਾ ਮਹਾਂਮਾਰੀ ਵਿੱਚ ਉਹ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਨ, ਪਰ ਉਨ੍ਹਾਂ ਦੀ ਨੌਕਰੀ ਪੱਕੀ ਨਾ ਹੋਣ ਕਾਰਨ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਖਤਰਾ ਹੈ, ਉੱਥੇ ਹੀ ਦਰਜਾ ਚਾਰ ਮੁਲਾਜ਼ਮ 4500 ਅਤੇ ਬਾਕੀ ਮੁਲਾਜ਼ਮ 10200 ਦੀ ਤਨਖਾਹ 'ਤੇ ਕੰਮ ਕਰਨ ਨੂੰ ਮਜਬੂਰ ਹਨ। ਜਦਕਿ ਸਰਕਾਰ ਉਨ੍ਹਾਂ ਨੂੰ ਹਰ ਵਾਰ ਲਾਰਾ ਲਾ ਕੇ ਧਰਨਾ ਖਤਮ ਕਰਵਾਉਂਦੀ ਰਹੀ ਹੈ, ਪਰ ਇਸ ਵਾਰ ਉਹ ਮੰਗਾਂ ਨਾ ਮੰਨਣ ਤੱਕ ਧਰਨਾ ਜਾਰੀ ਰੱਖਣਗੇ।
ਰੂਲਰ ਹੈਲਥ ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਸੱਤਪਾਲ ਨੇ ਦੱਸਿਆ ਕਿ ਸਰਕਾਰ 1186 ਮੁਲਾਜ਼ਮਾਂ ਨੂੰ ਰੈਗੂਲਰ ਕਰਨ 'ਤੇ ਟਾਲ-ਮਟੋਲ ਕਰਦਿਆਂ ਇਹ ਤਰਕ ਦੇ ਰਹੀ ਹੈ ਕਿ ਆਊਟ-ਸੋਰਸਿੰਗ ਰਾਹੀਂ ਭਰਤੀ ਕੀਤੇ ਹੋਏ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ।
ਦੱਸ ਦਈਏ ਕਿ ਸੂਬੇ ਭਾਰਤ ਵਿੱਚ 20000 ਤੋਂ ਵੱਧ ਰੂਰਲ ਏਰੀਏ ਵਿੱਚ ਆਊਟ-ਸੋਰਸਿੰਗ ਰਾਹੀਂ ਭਰਤੀ ਕੀਤੇ ਗਏ ਸਨ, ਜਿਨ੍ਹਾਂ ਦੀ ਨੌਕਰੀ ਉੱਪਰ ਹੁਣ ਗ੍ਰਹਿਣ ਲੱਗ ਗਿਆ ਤਾਂ ਉੱਥੇ ਹੀ ਕਈ ਮਹੀਨਿਆਂ ਦੀ ਤਨਖਾਹ ਵੀ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ।