ਚੰਡੀਗੜ੍ਹ: ਵਿਦਿਆਰਥੀ ਵੱਲੋਂ ਕੀਤੇ ਗਏ ਭੱਦੇ ਕਮੇਂਟ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਮਾਹੌਲ ਵਿਗੜਦਾ ਨਜ਼ਰ ਆ ਰਿਹਾ ਹੈ। ਸੂਫ਼ੀ ਸੈਂਟਰ ਵਿੱਚ ਏ.ਬੀ.ਵੀ.ਪੀ. ਦੇ ਵਿਰੋਧ ਤੋਂ ਬਾਅਦ ਐਸ.ਐਫ.ਐਸ. ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਏ.ਬੀ.ਵੀ.ਪੀ. ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਐਫ.ਐਸ. ਦੇ ਸਟੂਡੈਂਟ ਲੀਡਰ ਅੰਜਲੀ ਨੇ ਦੱਸਿਆ ਕਿ ਦਿਵਿਆਂਸ਼ ਸ਼ਰਮਾ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ 'ਤੇ ਭੱਦਾ ਕਮੇਂਟ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਐਸ.ਐਫ.ਐਸ. ਦੇ ਵਿਦਿਆਰਥੀ ਦਿਵਿਆਂਸ਼ ਨੂੰ ਸਮਝਾਉਣ ਗਏ ਸੀ ਪਰ ਇਸ ਦੌਰਾਨ ਦਿਵਿਆਂਸ਼ ਉਨ੍ਹਾਂ ਨੂੰ ਗਲ਼ਤ ਬੋਲਦਾ ਰਿਹਾ, ਜਿਸ ਦੇ ਸਿੱਟੇ ਵਜੋਂ ਦਿਵਿਆਂਸ਼ ਅਤੇ ਐਸ.ਐਫ.ਐਸ. ਸਮਰਥਕਾਂ ਵਿਚਕਾਰ ਹੱਥੋਂ ਪਾਈ ਹੋ ਗਈ।
ਅੰਜਲੀ ਨੇ ਦੱਸਿਆ ਕਿ ਏ.ਬੀ.ਵੀ.ਪੀ. ਦੀ ਵਿਚਾਰਧਾਰਾ ਹਮੇਸ਼ਾ ਤੋਂ ਹੀ ਮਹਿਲਾ ਵਿਰੋਧੀ ਰਹੀ ਹੈ ਅਤੇ ਜੇਕਰ ਇਨ੍ਹਾਂ ਦੇ ਪਿਛੋਕੜ 'ਤੇ ਨਜ਼ਰ ਮਾਰੀ ਜਾਵੇ ਤਾਂ ਹੁਣ ਤੱਕ ਕਈ ਮਸਲੇ ਹੋਏ ਹਨ ਉਨ੍ਹਾਂ ਵਿੱਚ ਏ.ਬੀ.ਵੀ.ਪੀ. ਦੀ ਕੱਟੜਵਾਦੀ ਸੋਚ ਸਭ ਦੇ ਸਾਹਮਣੇ ਆਈ ਹੈ।