ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ : ਸੂਹੀ ਮਹਲਾ ੫ ॥ ਬੈਕੁੰਠ ਨਗਰੁ ਜਹਾ ਸੰਤ ਵਾਸਾ ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥ ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥ ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥ ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ ॥ ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥੨॥ ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥ ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੩॥ ਜਨਮ ਜਨਮ ਕੇ ਭੈ ਮੋਹ ਨਿਵਾਰੇ ॥ ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥੪॥੨੧॥੨੭॥ ਐਤਵਾਰ, ੧੧ ਮੱਘਰ (ਸੰਮਤ ੫੫੫ ਨਾਨਕਸ਼ਾਹੀ) ੨੬ ਨਵੰਬਰ, ੨੦੨੩ (ਅੰਗ: ੭੪੨)

ਪੰਜਾਬੀ ਵਿਆਖਿਆ: ਹੇ ਭਾਈ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕੁੰਠ ਦਾ ਸ਼ਹਰ । (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ ।੧। ਹੇ ਭਾਈ! (ਮੇਰੀ ਗੱਲ) ਸੁਣ, (ਆ,) ਮੈਂ (ਤੇਰੇ) ਮਨ ਨੂੰ (ਤੇਰੇ) ਤਨ ਨੂੰ ਆਤਮਕ ਆਨੰਦ ਵਿਖਾ ਦਿਆਂ । ਪ੍ਰਭੂ ਦਾ ਨਾਮ (ਮਾਨੋ) ਅਨੇਕਾਂ ਸੁਆਦਲੇ ਭੋਜਨ ਹੈ, (ਆ, ਸਾਧ ਸੰਗਤਿ ਵਿਚ) ਮੈਂ ਤੈਨੂੰ ਉਹ ਸੁਆਦਲੇ ਭੋਜ ਖਵਾਵਾਂ ।੧।ਰਹਾਉ।ਹੇ ਭਾਈ! (ਸਾਧ ਸੰਗਤਿ ਵਿਚ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (-ਭੋਜਨ) ਆਪਣੇ ਮਨ ਵਿਚ ਖਾਇਆ ਕਰ, ਇਸ ਭੋਜਨ ਦੇ ਹੈਰਾਨ ਕਰਨ ਵਾਲੇ ਸੁਆਦ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ।੨। ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤਿ-ਬੈਕੁੰਠ ਵਿਚ ਆ ਕੇ) ਪਰਮਾਤਮਾ ਦਾ ਆਸਰਾ ਤੱਕ ਲਿਆ (ਉਹਨਾਂ ਦੇ ਅੰਦਰੋਂ) ਲੋਭ ਮੁੱਕ ਜਾਂਦਾ ਹੈ, ਤਿ੍ਰਸ਼ਨਾ ਦੀ ਅੱਗ ਬੁੱਝ ਕੇ ਖ਼ਤਮ ਹੋ ਜਾਂਦੀ ਹੈ ।੩। ਹੇ ਨਾਨਕ! (ਆਖ—ਹੇ ਭਾਈ!) ਪ੍ਰਭੂ ਆਪਣੇ ਦਾਸਾਂ ਉਤੇ ਮੇਹਰ ਕਰਦਾ ਹੈ, ਅਤੇ, ਉਹਨਾਂ ਦੇ ਅਨੇਕਾਂ ਜਨਮਾਂ ਦੇ ਡਰ ਮੋਹ ਦੂਰ ਕਰ ਦੇਂਦਾ ਹੈ ।੪।੨੧।੨੭। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ