ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜੋ ਕਦਮ ਚੁੱਕਿਆ ਹੈ ਉਹ ਪਾਰਟੀ ਲਈ ਮੁਸੀਬਤ ਬਣ ਸਕਦਾ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਕਿਸੇ ਕੈਬਨਿਟ ਮੰਤਰੀ ਦੀਆਂ ਇਤਰਾਜ਼ਯੋਗ ਵੀਡੀਓਜ਼ ਉਹਨਾਂ ਦੇ ਕੋਲ ਹਨ। ਖਹਿਰਾ ਨੇ ਰਾਜ ਭਵਨ ਵਿਚ ਜਾ ਕੇ ਇਹ ਵੀਡੀਓਜ਼ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਦਿੱਤੀਆਂ ਅਤੇ ਇਹਨਾਂ ਵੀਡੀਓਜ਼ ਦੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਇਲਜ਼ਾਮ ਲਗਾਇਆ ਹੈ ਕਿ ਇਹ ਵੀਡੀਓਜ਼ ਇੰਨੀਆਂ ਇਤਰਾਜ਼ਯੋਗ ਹਨ ਕਿ ਕੋਈ ਵਿਅਕਤੀ 10 ਸੈਕਿੰਡ ਵੀ ਇਹਨਾਂ ਨੂੰ ਨਹੀਂ ਵੇਖ ਸਕਦਾ। ਉਹਨਾਂ ਆਖਿਆ ਕਿ ਇਸ ਵੀਡੀਓਜ਼ ਦੇ 2 ਛੋਟੇ-ਛੋਟੇ ਕਲਿੱਪ ਹਨ। ਇੱਕ 4 ਮਿੰਟ ਦਾ ਹੈ ਅਤੇ ਇਕ 8 ਮਿੰਟ ਦਾ ਵੀਡਜੀਓ ਕਲਿੱਪ ਹੈ। ਇਹ ਵੀਡੀਓਜ਼ ਪੰਜਾਬ ਦੇ ਕਿਹੜੇ ਮੰਤਰੀ ਦੀਆਂ ਹਨ ਖਹਿਰਾ ਨੇ ਉਸ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ।
ਸੋਸ਼ਲ ਮੀਡੀਆ 'ਤੇ ਗਲਤ ਪ੍ਰਭਾਵ ਪਵੇਗਾ: ਖਹਿਰਾ ਨੇ ਕਿਹਾ ਕਿ ਅਜਿਹੀਆਂ ਵੀਡੀਓਜ਼ ਜੇਕਰ ਸੋਸ਼ਲ ਮੀਡੀਆ ਉੱਤੇ ਪਾਈਆ ਜਾਂਦੀਆਂ ਤਾਂ ਇਸ ਦਾ ਬਹੁਤ ਗਲਤ ਪ੍ਰਭਾਵ ਲੋਕਾਂ ਵਿਚ ਜਾਣਾ ਸੀ। ਇਸ ਲਈ ਉਹ ਇਹ ਵੀਡੀਓ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਕੋਲ ਲੈ ਕੇ ਗਏ। ਉਹਨਾਂ ਮੰਗ ਕੀਤੀ ਕਿ ਰਾਜਪਾਲ ਇਹਨਾਂ ਵੀਡੀਓ ਕਲਿੱਪਾਂ ਦੀ ਫੋਰੈਂਸਿਕ ਜਾਂਚ ਕਰਵਾਉਣ। ਜੇਕਰ ਇਹੀ ਕਲਿਪਜ਼ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਦਿੰਦੇ ਜਾਂ ਪੰਜਾਬ ਪੁਲਿਸ ਨੂੰ ਦਿੰਦੇ ਤਾਂ ਉਹਨਾਂ ਨੇ ਇਹ ਸਾਰਾ ਮਾਮਲਾ ਰਫ਼ਾ-ਦਫ਼ਾ ਕਰ ਦੇਣਾ ਸੀ। ਜਿਸ ਕਰਕੇ ਉਹਨਾਂ ਰਾਜਪਾਲ ਨੂੰ ਇਹਨਾਂ ਵੀਡੀਓਜ਼ ਦੀ ਜਾਂਚ ਚੰਡੀਗੜ੍ਹ ਪ੍ਰਸ਼ਾਸਨ ਕੋਲ ਕਰਵਾਉਣ ਲਈ ਕਿਹਾ ਹੈ। ਉਹਨਾਂ ਆਖਿਆ ਕਿ ਰਾਜਪਾਲ ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ।
ਕਿਸੇ ਜ਼ਿੰਮੇਵਾਰ ਵਿਅਕਤੀ ਨੇ ਦਿੱਤੀਆਂ ਵੀਡੀਓਜ਼: ਖਹਿਰਾ ਨੇ ਦਾਅਵਾ ਕੀਤਾ ਕਿ ਇਹ ਦੋਵੇਂ ਵੀਡੀਓਜ਼ ਕਿਸੇ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਨੂੰ ਦਿੱਤੀਆਂ ਹਨ। ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਪੱਖਪਾਤੀ ਰਵੱਈਏ ਕਾਰਨ ਇਹ ਵੀਡੀਓਜ਼ ਉਹਨਾਂ ਨਾਲ ਸਾਂਝੀਆਂ ਨਹੀਂ ਕੀਤੀਆਂ ਗਈਆਂ ਅਤੇ ਗਵਰਨਰ ਤੱਕ ਪਹੁੰਚ ਕੀਤੀ ਗਈ। ਉਹਨਾਂ ਮੰਗ ਕੀਤੀ ਜੇਕਰ ਇਹ ਵੀਡੀਓ ਕਲਿੱਪਜ਼ ਸਹੀ ਨਿਕਲਦੀਆਂ ਹਨ ਅਤੇ ਉਸੇ ਕੈਬਨਿਟ ਮੰਤਰੀ ਦੀਆਂ ਹਨ ਤਾਂ ਉਸ ਨੂੰ ਕੈਬਨਿਟ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ। ਰਾਜਪਾਲ ਮੁੱਖ ਮੰਤਰੀ ਨਾਲ ਗੱਲ ਕਰਕੇ ਅਜਿਹੇ ਮੰਤਰੀ ਨੂੰ ਕੈਬਨਿਟ ਵਿਚੋਂ ਬਾਹਰ ਕਰਵਾਉਣ। ਇਸ ਦੇ ਨਾਲ ਹੀ ਜੇਕਰ ਇਸਦੀਆਂ ਕੋਈ ਅਪਰਾਧਿਕ ਧਾਰਾਵਾਂ ਬਣਦੀਆਂ ਹਨ ਤਾਂ ਉਸ ਬਾਰੇ ਵੀ ਮੁੱਖ ਮੰਤਰੀ ਨੂੰ ਪੱਤਰ ਲਿਿਖਆ ਜਾਵੇ।
ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਪਿਆ ਪੰਗਾ : ਦੱਸ ਦਈਏ ਕਿ 10 ਮਈ ਨੂੰ ਜਲੰਧਰ ਦੀਆਂ ਜ਼ਿਮਨੀ ਚੋਣਾਂ ਹਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਚੋਣ ਪ੍ਰਚਾਰ ਵਿਚ ਜੁੱ ਹੋਈ ਹੈ। ਇਸੇ ਦਰਮਿਆਨ ਸੁਖਪਾਲ ਖਹਿਰਾ ਦੇ ਇਸ ਦਾਅਵੇ ਨੇ ਨਵਾਂ ਪੰਗਾ ਪਾ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦੀ ਚਿੰਤਾ ਵਧਾ ਦਿੱਤੀ ਹੈ।