ਚੰਡੀਗੜ੍ਹ : ਪੰਜਾਬ ਦੀ ਜਵਾਨੀ ਵਿੱਚ ਬਾਹਰ ਜਾਣ ਦੀ ਹੋੜ ਦੇ ਇਕ ਨਹੀਂ ਕਈ ਨਤੀਜੇ ਨਿਕਲ ਰਹੇ ਹਨ। ਬੇਗਾਨੇ ਮੁਲਕਾਂ ਵਿੱਚ ਸਟੱਡੀ ਵੀਜ਼ਾ ਉੱਤੇ ਜਾਣਾ ਸਭ ਤੋਂ ਸੌਖਾ ਤਰੀਕਾ ਹੈ ਜੋ ਨੌਜਵਾਨਾਂ ਨੂੰ ਜ਼ਹਾਜੇ ਚਾੜ੍ਹ ਰਿਹਾ ਹੈ। ਪਰ ਇਸ ਨਾਲ ਪੰਜਾਬ ਦੇ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦਾ ਕਾਲ ਵੀ ਪੈ ਰਿਹਾ ਹੈ, ਜਿਹੜਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ। ਜੋ ਰਿਪੋਰਟ ਕੇਂਦਰੀ ਸਿੱਖਿਆ ਵਿਭਾਗ ਨੇ ਜਾਰੀ ਕੀਤੀ ਹੈ, ਉਸਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋਵੇਗੋ। ਇਸ ਰਿਪੋਰਟ ਬਾਰੇ ਈਟੀਵੀ ਭਾਰਤ ਵਲੋਂ ਵਿਸ਼ੇਸ਼ ਤੌਰ ਉੱਤੇ ਸਿਖਿਆ ਮਾਹਿਰਾਂ ਨਾਲ ਗੱਲ ਕੀਤੀ ਗਈ...
ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਪ੍ਰੋਫੈਸਰ ਅਤੇ ਉੱਚ ਸਿੱਖਿਆ ਦੇ ਮਾਹਿਰ ਪ੍ਰੋਫੈਸਰ ਨਵਜੋਤ ਨੇ ਦੱਸਿਆ ਕਿ ਆਲ ਇੰਡੀਆ ਸਰਵੇ ਓਨ ਹਾਇਰ ਐਜੂਕੇਸ਼ਨ ਦੀ ਰਿਪੋਰਟ ਕੌੜਾ ਸੱਚ ਹੈ। ਯੂਨੀਵਰਸਿਟੀ ਕਾਲਜਾਂ ਵਿਚ ਪੰਜਾਬ ਦੇ ਵਿਦਿਆਰਥੀਆਂ ਵਲੋਂ ਦਾਖ਼ਲਾ ਲੈਣ ਲਈ ਪਹੁੰਚ ਹੀ ਨਹੀਂ ਕੀਤੀ ਗਈ। ਬਲਕਿ ਹਿਮਾਚਲ, ਮਹਾਂਰਾਸ਼ਟਰਾ, ਹਰਿਆਣਾ ਅਤੇ ਦੱਖਣੀ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ।
ਵਿਦੇਸ਼ਾਂ ਵੱਲ ਪੰਜਾਬੀਆਂ ਦਾ ਰੁਝਾਨ: ਪ੍ਰੋਫੈਸਰ ਨਵਜੋਤ ਕਹਿੰਦੇ ਹਨ ਕਿ ਇਸਦੇ ਕਈ ਕਾਰਨ ਹਨ। ਜਿਵੇਂਕਿ ਰੁਜ਼ਗਾਰ ਦੀ ਕਮੀ, ਬੱਚਿਆਂ ਵਿਚ ਉੱਚ ਸਿੱਖਿਆ ਤੋਂ ਬਾਅਦ ਕੈਰੀਅਰ ਸੈਟ ਕਰਨ ਦੀ ਨਿਰਾਸ਼ਾ ਅਤੇ ਨਸ਼ਿਆਂ ਵਿਚ ਗਲਤਾਨ ਹੋਈ ਪੰਜਾਬ ਦੀ ਜਵਾਨੀ ਜਿਹਨਾਂ ਦੇ ਜੀਵਨ ਦਾ ਕੋਈ ਟੀਚਾ ਹੀ ਨਹੀਂ ਬਚਿਆ। ਇਸ ਤੋਂ ਇਲਾਵਾ ਸਭ ਤੋਂ ਵੱਡਾ ਕਾਰਨ ਹੈ ਪੰਜਾਬੀਆਂ ਦਾ ਵਿਦੇਸ਼ਾਂ ਵੱਲ ਵਧਿਆ ਰੁਝਾਨ। ਲੋਕ ਧੜਾ ਧੜ ਜ਼ਮੀਨਾ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਸੈਟਲ ਕਰਨ ਅਤੇ ਪੜਨ ਲਈ ਭੇਜ ਰਹੇ ਹਨ।
ਇਹ ਵੀ ਪੜ੍ਹੋ: Former SSP Kuldeep Chahal: ਸਾਬਕਾ ਐੱਸਐੱਸਪੀ ਕੁਲਦੀਪ ਚਾਹਲ ਉੱਤੇ ਸ਼ਿਕੰਜਾ, ਸੀਬੀਆਈ ਨੇ ਖੋਲ੍ਹੀ ਜਾਂਚ
ਮਿਹਨਤ ਮਜ਼ਦੂਰੀ ਕਰਨਾ ਆਧੁਨਿਕ ਪੀੜੀ ਦਾ ਸੁਭਾਅ ਨਹੀਂ: ਪ੍ਰੋਫੈਸਰ ਨਵਜੋਤ ਨੇ ਦੱਸਿਆ ਕਿ ਪੰਜਾਬੀ ਵਿਦਿਆਰਥੀਆਂ ਦਾ ਵਿਦੇਸ਼ਾਂ ਵਿਚ ਜਾ ਕੇ ਪੜਾਈ ਕਰਨ ਦਾ ਇਕ ਕਾਰਨ ਇਹ ਵੀ ਹੈ ਕਿ ਉਹ ਪੰਜਾਬ ਵਿਚ ਮਿਹਨਤ ਮਜ਼ਦੂਰੀ ਅਤੇ ਹੱਥੀਂ ਕਿਰਤ ਕਰਨ ਵਿਚ ਵਿਸ਼ਵਾਸ ਨਹੀਂ ਰੱਖਦੇ। ਇਸੇ ਲਈ ਹੀ ਉਹ ਸੈਟਲ ਹੋਣ ਲਈ ਵਿਦੇਸ਼ਾਂ ਦਾ ਸਹਾਰਾ ਲੈਂਦੇ ਹਨ। ਉਥੇ ਜਾ ਕੇ ਪੜਾਈਆਂ ਅਤੇ ਕੰਮ ਕਰ ਰਹੇ ਹਨ। ਬਸ਼ਤਰੇ ਵਿਦੇਸ਼ਾਂ ਵਿਚ ਉਹਨਾਂ ਨੂੰ ਮਿਹਨਤ ਮਜ਼ਦੂਰੀ ਦਾ ਹੀ ਕੰਮ ਕਿਉਂ ਨਾ ਕਰਨਾ ਪਵੇ। ਵਿਦਿਆਰਥੀਆਂ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿਚ ਹਰ ਕੰਮ ਦੀ ਕਦਰ ਹੈ। ਟਰੱਕ ਚਲਾਉੇਣ ਤੋਂ ਲੈ ਕੇ ਲੇਬਰ ਤੱਕ ਹਰ ਕੰਮ ਨੂੰ ਇੱਜ਼ਤ ਦਿੱਤੀ ਜਾਂਦੀ ਹੈ। ਜਦਕਿ ਪੰਜਾਬ ਵਿਚ ਨਾ ਤਾਂ ਵਿਦੇਸ਼ਾਂ ਦੇ ਬਰਾਬਰ ਪੈਸੇ ਮਿਲਦੇ ਹਨ ਅਤੇ ਨਾ ਹੀ ਇੱਜਤ।
ਮਿਲਕੇ ਕੱਢਣਾ ਪਵੇਗਾ ਹੱਲ: ਪ੍ਰੋਫੈਸਰ ਨਵਜੋਤ ਕਹਿੰਦੇ ਹਨ ਕਿ ਇਹ ਮਸਲਾ ਬਹੁਤ ਗੰਭੀਰ ਹੈ ਅਤੇ ਚਿੰਤਨ ਦਾ ਵਿਸ਼ਾ ਹੈ।ਇਸਦਾ ਹੱਲ ਸਭ ਨੂੰ ਮਿਲਕੇ ਹੀ ਕਰਨਾ ਪੈਣਾ। ਸਰਕਾਰ ਇਕੱਲੀ ਇਸ ਮਸਲੇ ਦਾ ਹੱਲ ਨਹੀਂ ਕੱਢ ਸਕਦੀ। ਮਾਪਿਆਂ, ਅਧਿਆਪਕਾਂ, ਸਮਾਜ ਸ਼ਾਸ਼ਤਰੀਆਂ ਨੂੰ ਮਿਲਕੇ ਇਸਦਾ ਹੱਲ ਕੱਢਣਾ ਪੈਣਾ। ਇਸਦੇ ਲਈ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਇਹ ਕਿ ਆਪਣੀ ਸੋਚ ਨੂੰ ਬਦਲਣਾ ਪਵੇਗਾ। ਵਿਦੇਸ਼ਾਂ ਵਿਚ ਵੱਸਦਾ ਪੰਜਾਬੀ ਭਾਈਚਾਰਾ ਵੀ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵਿਚ ਮਦਦ ਕਰ ਸਕਦਾ ਹੈ। ਸਰਕਾਰ ਤੋਂ ਲੈ ਕੇ ਵਪਾਰ ਤੱਕ ਸਾਰਾ ਢਾਂਚਾ ਬਦਲਣ ਦੀ ਜ਼ਰੂਰਤ ਹੈ।
ਕਈ ਇੰਸਟੀਚਿਊਟ ਅਤੇ ਕੋਰਸ ਬੰਦ: ਇਹ ਵੀ ਯਾਦ ਰਹੇ ਕੇਂਦਰੀ ਸਿੱਖਿਆ ਵਿਭਾਗ ਵੱਲੋਂ ਸਾਲ 2020-21 ਲਈ ਕੀਤੇ ਗਏ ਸਰਵੇ ਦੀ ਰਿਪੋਰਟ ਜੋ 29 ਜਨਵਰੀ 2023 ਨੂੰ ਜਾਰੀ ਕੀਤੀ ਗਈ ਸੀ, ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ 2016-17 ਤੋਂ ਲੈ ਕੇ 2020-21 ਤੱਕ ਇਕ ਲੱਖ ਤੋਂ ਜ਼ਿਆਦਾ ਅਜਿਹੇ ਵਿਦਿਆਰਥੀ ਹਨ ਜੋ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਨਹੀਂ ਪਹੁੰਚੇ। 2016-17 ਵਿੱਚ 9 ਲੱਖ 50 ਹਜ਼ਾਰ ਤੋਂ ਜ਼ਿਆਦਾ ਪੰਜਾਬੀ ਨੌਜਵਾਨਾਂ ਨੇ ਉੱਚ ਸਿੱਖਿਆ ਵਿਚ ਦਿਲਚਸਪੀ ਵਿਖਾਈ ਸੀ ਜਦੋਂਕਿ ਸਾਲ 2020-21 ਦੌਰਾਨ ਇਹ ਘੱਟ ਕੇ 8 ਲੱਖ 30 ਹਜ਼ਾਰ ਦੇ ਕਰੀਬ ਹੀ ਰਹਿ ਗਈ ਹੈ। ਇਹਨਾਂ ਪੰਜ ਸਾਲ ਵਿਚ ਇਕ ਲੱਖ ਤੋਂ ਵਧੇਰੇ ਅੰਕੜਿਆਂ ਵਿਚ ਫਰਕ ਨਜਰ ਆ ਰਿਹਾ ਹੈ। ਇਹੀ ਨਹੀਂ ਵਿਦਿਆਰਥੀਆਂ ਦੀ ਘਾਟ ਕਾਰਨ ਪੰਜਾਬ ਵਿੱਚ 29 ਕਾਲਜ/ਇੰਸਟੀਚਿਊਟ ਬੰਦ ਹੋਏ ਅਤੇ ਵਿਦਿਆਰਥੀਆਂ ਦੀ ਘਾਟ ਕਾਰਨ ਕਈ ਕੋਰਸ ਵੀ ਬੰਦ ਕਰਨੇ ਪਏ ਹਨ।