ਚੰਡੀਗੜ੍ਹ: ਸਵੱਛ ਕੈਂਪਸ ਰੈਂਕਿੰਗ-2019 ਤਹਿਤ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਵੱਲੋਂ ਕੌਮੀ ਪੱਧਰ ਤੇ ਮੁਕਾਬਲੇ ਕੀਤੇ ਗਏ ਹਨ। ਇਸ ਸਾਲ ਇਸ ਸਵੱਛਤਾ ਮੁਕਾਬਲੇ ਵਿੱਚ 6900 ਉਚੇਰੀ ਸਿੱਖਿਆ ਸੰਸਥਾਵਾਂ ਨੇ ਹਿੱਸਾ ਲਿਆ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ 400 ਤੋਂ ਵੱਧ ਪਬਲਿਕ ਯੂਨੀਵਰਸਿਟੀਆਂ ਹਨ ਅਤੇ ਵੱਡੇ ਕੈਂਪਸਾਂ ਵਾਲੀਆਂ ਮਲਟੀਸਪੈਸ਼ਲਿਟੀ ਪਬਲਿਕ ਯੂਨੀਵਰਸਿਟੀਆਂ ਵਿੱਚੋਂ ਜੀ.ਐਨ.ਡੀ.ਯੂ ਕੈਂਪਸ ,ਸਭ ਤੋਂ ਵੱਧ 'ਸਵੱਛ ਕੈਂਪਸ' ਦਾ ਮਾਣ ਹਾਸਲ ਕਰਕੇ ਪਹਿਲੇ ਦਰਜੇ 'ਤੇ ਰਹੀ ਹੈ।ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਾਵਾ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 'ਸਵੱਛ ਕੈਂਪਸ ' ਐਵਾਰਡ ਜਿੱਤਣ 'ਤੇ ਵਧਾਈ ਦਿੱਤੀ।
ਬੁਲਾਰੇ ਨੇ ਕਿਹਾ ਕਿ ਕੁੱਲ ਮਿਲਾ ਕੇ ਸਮੁੱਚੇ ਦੇਸ਼ ਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ(ਵੱਡੇ ਅਤੇ ਛੋਟੇ ਕੈਂਪਸ ਵਾਲੀਆਂ) ਓਵਰਆਲ ਮੁਕਾਬਲੇ ਵਿੱਚੋਂ ਜੀ.ਐਨ.ਡੀ.ਯੂ ਦੂਜੇ ਨੰਬਰ 'ਤੇ ਹੈ। ਪਿਛਲੇ ਸਾਲ ਵੀ, ਇਸ ਯੂਨੀਵਰਸਿਟੀ ਨੂੰ ਸਰਕਾਰੀ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ ਦੇਸ਼ ਦੀਆਂ ਸਭ ਤੋਂ ਵੱਧ ਸਾਫ ਸੁਥਰੀਆਂ ਉੱਚ ਵਿਦਿਅਕ ਸੰਸਥਾਵਾਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਹੋਇਆ ਸੀ। 500 ਏਕੜ 'ਚ ਫੈਲੀ ਜੀ.ਐਨ.ਡੀ.ਯੂ ਦੇ ਕੈਂਪਸ ਵਿੱਚ 12000 ਦੇ ਕਰੀਬ ਵਿਦਿਆਰਥੀ ਹਨ।
ਇਸ ਸਾਲ ਸਵੱਛਤਾ ਦੇ ਮਾਪਦੰਡਾਂ 'ਚ ਕੁੱਝ ਵਾਧੂ ਵਿਸ਼ੇਸ਼ਤਾਵਾਂ ਸ਼ਾਮਲ ਕਰਨ ਲਈ ਸੋਂਪਿਆ ਗਿਆ ਸੀ, ਜੋ ਇਕ ਗਤੀਸ਼ੀਲ ਵਾਤਾਵਰਣ ਵਿੱਚ ਜ਼ਰੂਰੀ ਹਨ। ਇਸ ਵਿੱਚ ਟਾਇਲਟ ਦੀ ਪੂਰੀ ਤਰ੍ਹਾਂ ਦੇਖਭਾਲ ਕਰਨਾ, ਕੂੜੇ -ਕਰਕਟ ਦੀ ਸਫਾਈ, ਹੋਸਟਲ ਕਿਚਨ ਦੀ ਸਫਾਈ, ਪਾਣੀ ਦੀ ਸ਼ੁੱਧਤਾ, ਭੰਡਾਰਨ, ਵੰਡ ਸਹੂਲਤ, ਹਰਿਆਲੀ ਅਤੇ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ, ਸੋਲਰ ਪ੍ਰਣਾਲੀਆਂ ਅਤੇ ਪਿੰਡਾਂ ਦੀ ਵਰਤੋਂ ਜਾਂ ਸਫਾਈ ਲਈ ਨੇਬਰਹੁੱਡ ਅਪਣਾਉਣਾ ਆਦਿ ਸ਼ਾਮਲ ਸਨ।
ਸਰਕਾਰ ਦੀ ਸਵੱਛਤਾ ਮੁਹਿੰਮ ਦੇ ਹਿੱਸੇ ਵਜੋਂ ਉਚੇਰੀ ਸਿੱਖਿਆ ਸੰਸਥਾਵਾਂ ਦੀ ਸਵੱਛਤਾ ਦਰਜਾਬੰਦੀ ਇੱਕ ਮਹੱਤਵਪੂਰਣ ਸਲਾਨਾ ਅਭਿਆਸ ਹੈ। ਦਰਜਾਬੰਦੀ ਦਾ ਉਦੇਸ਼ ਸੰਸਥਾਵਾਂ ਦਰਮਿਆਨ ਸਿਹਤਮੰਦ ਮੁਕਾਬਲਾ ਪੈਂਦਾ ਕਰਨ ਅਤੇ ਉਨ੍ਹਾਂ ਨੂੰ ਸਰਬੋਤਮ ਪੁਰਸਕਾਰ ਦੇ ਕੇ ਵਧੇਰੇ ਸਵੱਛ ਬਣਾਉਣਾ ਅਤੇ ਵਾਤਾਵਰਣ ਪ੍ਰਤੀ ਹੋਰ ਜ਼ਿੰਮ੍ਹੇਵਾਰ ਬਣਾਣਾ ਹੈ।
ਇਹ ਵੀ ਪੜ੍ਹੋ: ਖਰੜ 'ਚ ਸਕੂਲ ਦੇ ਬਾਹਰ ਅਧਿਆਪਕ ਨੂੰ ਮਾਰੀ ਗੋਲੀ, ਹੋਈ ਮੌਤ
ਸਵੱਛ ਅਤੇ ਸੁਰੱਖਿਅਤ ਵਾਤਾਵਰਣ ਬਣਾਉਣ ਲਈ ਯੂਨੀਵਰਸਿਟੀ ਨੇ ਵਾਹਨ ਮੁਕਤ ਕੈਂਪਸ, ਮੀਂਹ ਦੇ ਪਾਣੀ ਦੀ ਵਰਤੋਂ, ਧਰਤੀ ਹੇਠਲੇ ਪਾਣੀ ਦੀ ਚਾਰਜਿੰਗ, ਗੰਦੇ ਪਾਣੀ ਦੀ ਸੋਧ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸੌਰ ਪ੍ਰਣਾਲੀਆਂ ਦੀ ਵਰਤੋਂ, ਕੰਜ਼ਰਵੇਟਰੀਆਂ ਵਿੱਚ ਜੈਵ ਵਿਭਿੰਨਤਾ ਦੀ ਸੰਭਾਲ ਕਰਕੇ ਕਾਰਬਨ ਦੇ ਨਿਕਾਸ ਨੂੰ ਘਟਾਉਣ ਵੱਲ ਮਹੱਤਵਪੂਰਨ ਕਦਮ ਚੁੱਕੇ ਹਨ । ਇਸਦੇ ਨਾਲ ਹੀ ਬੋਟੈਨੀਕਲ ਗਾਰਡਨ ਅਤੇ ਵਿਸ਼ਾਲ ਰੁੱਖ ਲਗਾਉ ਮੁਹਿੰਮ ਵੀ ਚੰਗੇ ਉਪਰਾਲੇ ਹਨ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਨਵੀਂ ਦਿੱਲੀ 'ਚ ਇੱਕ ਪੁਰਸਕਾਰ ਸਮਾਗਮ 'ਚ ਜੀ.ਐਨ.ਡੀਯੂ ਦੇ ਕੁਲਪਤੀ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਨੇ ਐਮ.ਐਚ.ਆਰ.ਡੀ ਦੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਕ ਤੋਂ ਪੁਰਸਕਾਰ ਪ੍ਰਾਪਤ ਕੀਤਾ।