ਚੰਡੀਗੜ੍ਹ: ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ. ਯਾਦਵ ਦੇ ਨਿੱਜੀ ਸਹਾਇਕ ਜਤਿਨ ਸੈਣੀ ਨੂੰ ਇੱਕ ਭਾਜਪਾ ਆਗੂ ਵੱਲੋਂ ਥੱਪੜ ਮਾਰੇ ਜਾਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਜਿਥੇ ਇੱਕ ਪਾਸੇ ਐਮ.ਸੀ. ਮੁਲਾਜ਼ਮ ਇਕੱਠੇ ਇਕਜੁਟ ਹੋ ਗਏ ਹਨ ਅਤੇ ਭਾਜਪਾ ਆਗੂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।
ਬੀਤੇ ਦਿਨ ਮਿਊਂਸੀਪਲ ਕਰਮਚਾਰੀਆਂ ਨੇ ਇਸ ਸਬੰਧੀ ਨਗਰ ਨਿਗਮ ਵਿੱਚ ਇਕੱਤਰ ਹੋ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਅਤੇ ਭਾਜਪਾ ਵਿਰੁੱਧ ਨਾਹਰੇਬਾਜ਼ੀ ਕੀਤੀ। ਮਾਮਲਾ ਜ਼ਿਆਦਾ ਭਖਦਾ ਵੇਖ ਕੇ ਭਾਜਪਾ ਆਗੂ ਤੇ ਸਾਬਕਾ ਮੇਅਰ ਰਾਜੇਸ਼ ਕਾਲੀਆ ਨੇ ਕਰਮਚਾਰੀਆਂ ਨਾਲ ਗੱਲਬਾਤ ਲਈ ਪੁੱਜੇ ਅਤੇ ਦੋਵੇਂ ਧਿਰਾਂ ਨੂੰ ਗੱਲਬਾਤ ਸਮਝੌਤੇ ਰਾਹੀਂ ਹੱਲ ਕਰਨ ਦਾ ਸੁਝਾਅ ਦਿੱਤਾ।
ਸਾਬਕਾ ਮੇਅਰ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਵੀ ਇਹ ਘਟਨਾ ਵਾਪਰੀ ਹੈ, ਬਹੁਤ ਹੀ ਘਟੀਆ ਹੈ। ਉਹ ਇਸ ਘਟੀਆ ਹਰਕਤ ਦੀ ਨਿਖੇਧੀ ਕਰਦੇ ਹਨ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਰ ਇਹ ਇੱਕ ਪਰਿਵਾਰ ਦਾ ਮਾਮਲਾ ਹੈ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਕਿਤੇ ਨਾ ਕਿਤੇ ਜੋ ਕੁੱਝ ਹੋਇਆ ਹੈ ਉਹ ਬਹੁਤ ਗਲਤ ਹੋਇਆ ਹੈ। ਇਸ ਘਟਨਾ ਵਿੱਚ ਜੋ ਵੀ ਛੋਟਾ ਹੈ, ਉਸ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਹਾਲਾਂਕਿ ਉਨ੍ਹਾਂ ਨੇ ਐਮ.ਸੀ. ਕਰਮਚਾਰੀਆਂ ਨੂੰ ਵੀ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਇਸ ਮਸਲੇ ਨੂੰ ਸੁਲਝਾ ਲੈਣਗੇ।
ਜ਼ਿਕਰਯੋਗ ਹੈ ਕਿ ਭਾਜਪਾ ਲਗਾਤਾਰ ਇਸ ਮਾਮਲੇ ਨੂੰ ਸਮਝੌਤੇ ਨਾਲ ਹੱਲ ਕਰਨ ਦਾ ਦਬਾਅ ਬਣਾ ਰਹੀ ਹੈ। ਹੁਣ ਵੇਖਣਾ ਹੈ ਕਿ ਭਾਜਪਾ ਆਗੂ 'ਤੇ ਕਾਰਵਾਈ ਹੁੰਦੀ ਹੈ ਜਾਂ ਫਿਰ ਸਮਝੌਤੇ ਨਾਲ ਹੀ ਮਾਮਲਾ ਨਿੱਬੜ ਜਾਵੇਗਾ।