ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਸ੍ਰੀ ਕਰਤਾਰੁਪਰ ਸਾਹਿਬ ਲਈ ਖੋਲੇ ਜਾ ਰਹੇ ਕਰਤਾਰੁਪਰ ਲਾਂਘੇ 'ਤੇ ਪਾਕਿਸਤਾਨ ਵੱਲੋਂ ਲਾਈ ਗਈ 20 ਡਾਲਰ ਦੀ ਫ਼ੀਸ ਦਾ ਮਾਮਲਾ ਅਜੇ ਵੀ ਅੜਿਆ ਹੋਇਆ ਹੈ। ਲਾਂਘੇ ਨੂੰ ਖੁੱਲਣ ਲਈ ਸਿਰਫ਼ 3 ਹਫਤੇ ਬਾਕੀ ਹਨ ਪਰ ਪਾਕਿਸਤਾਨ ਹੁਣ ਤੱਕ ਆਪਣੀ ਗੱਲ 'ਤੇ ਹੈ। ਇਸੇ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 20 ਡਾਲਰ ਜੀ ਫ਼ੀਸ ਹਟਾਓਣ ਦੀ ਮੰਗ ਅਪੀਲ ਕੀਤੀ।
ਆਪਣੇ ਟਵੀਟ ਵਿੱਚ ਕੈਪਟਨ ਨੇ ਲਿਖਿਆ, "ਮੈਂ ਇਮਰਾਨ ਖਾਨ ਨੂੰ ਅਪੀਲ ਕਰਦਾ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਸ਼ਰਾਮ ਸਥਾਨ ਦੇ ‘ਖੁੱਲੇ ਦਰਸ਼ਨ ਦੀਦਾਰ’ ਦੀ ਸਹੂਲਤ ਲਈ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ 'ਤੇ ਲਗਾਈ 20 ਡਾਲਰ ਫੀਸ ਵਾਪਸ ਲਈ ਜਾਵੇ। ਵਿਸ਼ਵ ਸਿੱਖ ਭਾਈਚਾਰਾ ਇਸ ਨੇਕ ਕਦਮ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰੇਗਾ।"
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰ ਪਾਕਿਸਤਾਨ ਦੇ ਇਸ ਫੈਸਲੇ ਲਈ ਉਨ੍ਹਾਂ ਦੀ ਸ਼ਖਤ ਸ਼ਬਦਾਂ 'ਚ ਨਿਖੇਦੀ ਕੀਤੀ ਹੈ। ਇੱਥੇ ਸੋਚਣ ਵਾਲੀ ਗੱਲ ਹੈ ਕਿ ਕਰਤਾਰੁਪਰ ਲਾਂਘੇ ਦੇ ਖੁੱਲਣ 'ਚ ਕੁੱਝ ਸਮਾਂ ਹੀ ਬਾਕੀ ਰਹਿ ਗਿਆ ਹੈ ਅਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਪਾਕਿਸਤਾਨ ਵੱਲੋਂ ਲਗਾਈ ਫ਼ੀਸ ਵਾਪਸ ਲੈਣ ਲਈ ਹੁਣ ਅਪੀਲ ਕੀਤੀ ਜਾ ਰਹੀ ਹੈ।