ਚੰਡੀਗੜ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਭਾਰਤ ਵਿਰੋਧੀ ਤਾਕਤਾਂ ਵੱਲੋਂ ਦਰਪੇਸ਼ ਖਤਰੇ ਬਾਰੇ ਆਪਣੀਆਂ ਅੱਖਾਂ ਖੋਲਣ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ), ਸਬੰਧੀ ਸਿਆਸੀ ਡਰਾਮੇ ਤੋਂ ਗੁਰੇਜ਼ ਕਰਨ ਲਈ ਕਿਹਾ।
ਕੈਪਟਨ ਨੇ ਅੱਗੇ ਕਿਹਾ ਕਿ ਕੈਨੇਡਾ ਤੋਂ ਬਾਅਦ ਹੁਣ ਯੂ.ਕੇ. ਨੇ ਵੀ ਸਾਫ਼ ਤੌਰ ’ਤੇ ਇਹ ਕਹਿ ਦਿੱਤਾ ਹੈ ਕਿ ਉਸ ਦਾ ਇਸ ਗੈਰ-ਅਧਿਕਾਰਤ ਰੈਫਰੈਂਡਮ ਨਾਲ ਕੋਈ ਵੀ ਸਬੰਧ ਨਹੀਂ ਹੈ ਅਤੇ ਉਹ ਪੰਜਾਬ ਨੂੰ ਭਾਰਤ ਦਾ ਹਿੱਸਾ ਸਮਝਦੇ ਹਨ। ਮੁੱਖ ਮੰਤਰੀ ਨੇ ਹੈਰਾਨੀ ਜ਼ਾਹਰ ਕੀਤੀ ਕਿ ਸੁਖਬੀਰ ਨੇ ਕਿਉਂ ਸਿੱਖਸ ਫਾਰ ਜਸਟਿਸ ਅਤੇ ਭਾਰਤ ਤੇ ਖਾਸ ਕਰਕੇ ਪੰਜਾਬ ਨੂੰ ਅਸਥਿਰ ਕਰਨ ਵਿੱਚ ਲੱਗੀਆਂ ਦਹਿਸ਼ਤਗਰਦੀ ਅਤੇ ਗਰਮਖਿਆਲੀ ਜੱਥੇਬੰਦੀਆਂ ਵੱਲੋਂ ਦਰਪੇਸ਼ ਖਤਰੇ ਨੂੰ ਲੈ ਕੇ ਅੱਖਾਂ ਮੀਚੀਆਂ ਹੋਈਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅਗਾਂਹ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਥਾਂ ਅਕਾਲੀ ਦਲ ਵੱਲੋਂ ਬੇਲੋੜੀ ਬਿਆਨਬਾਜ਼ੀ ਕਰਨ ਵਿੱਚ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ, ਨਾਲ ਹੀ ਉਨ੍ਹਾਂ ਸੁਖਬੀਰ ਤੋਂ ਅਕਾਲੀ-ਭਾਜਪਾ ਹਕੂਮਤ ਦੌਰਾਨ ਯੂ.ਏ.ਪੀ.ਏ ਅਧੀਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਵਾਂ ਦੀ ਸੂਚੀ ਦੀ ਮੰਗ ਵੀ ਕੀਤੀ। ਮੁੱਖ ਮੰਤਰੀ ਨੇ ਅਕਾਲੀ ਦਲ ਪ੍ਰਧਾਨ ਨੂੰ ਚੇਤੇ ਕਰਵਾਇਆ ਕਿ ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਯੂ.ਏ.ਪੀ.ਏ ਤਹਿਤ 60 ਤੋਂ ਵਧੇਰੇ ਮਾਮਲੇ ਦਰਜ ਕੀਤੇ ਸਨ। ਇਨ੍ਹਾਂ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤੇ 225 ਵਿਅਕਤੀਆਂ ਵਿਚੋਂ 120 ਜਾਂ ਤਾਂ ਬਰੀ ਹੋ ਗਏ ਜਾਂ ਛੱਡ ਦਿੱਤੇ ਗਏ।
ਮੁੱਖ ਮੰਤਰੀ ਨੇ ਸੁਖਬੀਰ ਤੋਂ ਪੁੱਛਿਆ ਕਿ ਕੀ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਬਰੀ ਹੋਣ/ਛੱਡ ਦਿੱਤੇ ਜਾਣ ਦਾ ਇਹ ਅਰਥ ਕੱਢਿਆ ਜਾਵੇ ਕਿ ਤੁਸੀਂ ਇਸ ਐਕਟ ਦੀ ਵਰਤੋਂ ਅੰਨ੍ਹੇਵਾਹ ਕੀਤੀ ਸੀ। ਕੈਪਟਨ ਨੇ ਯੂ.ਏ.ਪੀ.ਏ ਤਹਿਤ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਵਿਚੋਂ ਕੁਝ ਕੁ ਨੂੰ ਫਿਰਕੂ ਰੰਗਤ ਦੇਣ ਪਿੱਛੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੀ ਮਨਸ਼ਾ ਉੱਤੇ ਵੀ ਸਵਾਲ ਖੜੇ ਕੀਤੇ। ਕੈਪਟਨ ਨੇ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਨੂੰ ਆਪਣੇ ਕੋਝੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਤੋਂ ਰੋਕਣ ਵਿੱਚ ਡਟੀ ਸੂਬਾ ਸਰਕਾਰ ਉੱਤੇ ਬੇਲੋੜੇ ਹਮਲੇ ਕਰਕੇ ਭਾਈਚਾਰਿਆਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੇਤੇ ਕਰਵਾਇਆ ਕਿ ਇਹ ਪੁਲਿਸ ਨਹੀਂ ਸਗੋਂ ਸੁਖਬੀਰ ਹੀ ਸਨ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਲਈ ‘ਸੰਭਾਵੀ ਦਹਿਸ਼ਤਗਰਦ’ ਸ਼ਬਦ ਵਰਤਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨ ਉਨ੍ਹਾਂ ਨੂੰ ਪੁੱਠੇ ਪੈ ਸਕਦੇ ਹਨ। ਪੰਜਾਬ ਦੇ ਲੋਕ ਅਕਾਲੀਆਂ ਦੀ ਨਫਰਤ ਫੈਲਾਊ ਅਤੇ ਸੌੜੀ ਸਿਆਸਤ ਦੇ ਝਾਂਸੇ ਵਿਚ ਨਹੀਂ ਆਉਣਗੇ ਜਿਨ੍ਹਾਂ ਦੇ 10 ਵਰਿਆਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਸੰਤਾਪ ਭੋਗਣਾ ਪਿਆ।