ਚੰਡੀਗੜ੍ਹ: ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਕਾਰਨ ਦੂਸਰੇ ਸੂਬਿਆਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਸਰਕਾਰਾਂ ਵੱਲੋਂ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
ਇਸੇ ਤਹਿਤ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਚੰਡੀਗੜ੍ਹ ਤੋਂ ਇੱਕ ਟਰੇਨ ਗੋਂਡਾ ਲਈ ਰਵਾਨਾ ਹੋਣੀ ਸੀ, ਪਰ ਇਸ ਟਰੇਨ ਦੇ ਚੱਲਣ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਦੀ ਅਗਵਾਈ ਵਿੱਚ ਨਾਅਰੇਬਾਜ਼ੀ ਕਰਦਿਆਂ ਸੋਨੀਆ ਗਾਂਧੀ ਜ਼ਿੰਦਾਬਾਦ ਅਤੇ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਗਾਏ।
ਪ੍ਰਦੀਪ ਛਾਬੜਾ ਨੇ ਦੱਸਿਆ ਕਿ ਸੋਨੀਆ ਗਾਂਧੀ ਵੱਲੋਂ ਕੀਤੀ ਗਈ ਕੋਸ਼ਿਸ਼ਾਂ ਤਹਿਤ ਪਰਵਾਸੀ ਮਜ਼ਦੂਰ ਆਪਣੇ ਘਰਾਂ ਦੇ ਵਿੱਚ ਵਾਪਸ ਜਾ ਰਹੇ ਹਨ, ਪਰ ਭਾਜਪਾ ਸਰਕਾਰ ਰੇਲਵੇ ਸਟੇਸ਼ਨ 'ਤੇ ਆ ਕੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਉੱਤੇ ਵੀ ਰਾਜਨੀਤੀ ਕਰ ਰਹੇ ਹਨ। ਪ੍ਰਦੀਪ ਨੇ ਕਿਹਾ ਕਿ ਸੋਨੀਆ ਗਾਂਧੀ ਨੇ 4 ਮਈ ਨੂੰ ਹਰ ਸ਼੍ਰਮਿਕ ਦਾ ਕਿਰਾਇਆ ਦੇਣ ਦਾ ਐਲਾਨ ਕੀਤਾ ਸੀ ਪਰ ਭਾਜਪਾ ਨੂੰ ਇਹ ਗੱਲ ਰਾਸ ਨਹੀਂ ਆਈ ਅਤੇ ਭਾਜਪਾ ਵਰਕਰਾਂ ਨੇ ਰੇਲਵੇ ਸਟੇਸ਼ਨ 'ਤੇ ਕਬਜ਼ਾ ਕਰ ਲਿਆ ਅਤੇ ਇਹ ਜਤਾਉਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੀ ਮਿਹਨਤ ਦੀ ਬਦੌਲਤ ਇਹ ਟ੍ਰੇਨ ਚੱਲ ਰਹੀ ਹੈ।
ਦੂਸਰੇ ਪਾਸੇ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਰੇਲ ਦਾ ਭਾੜਾ ਕੇਂਦਰ ਅਤੇ ਰੇਲਵੇ ਹੀ ਦੇ ਰਹੀ ਹੈ। ਅਰੁਣ ਸੂਦ ਦਾ ਕਹਿਣਾ ਸੀ ਕਿ ਕਾਂਗਰਸ ਦੇ ਵਰਕਰ ਖਾਲੀ ਹੱਥ ਹੀ ਸਟੇਸ਼ਟ ਆ ਗਏ ਪਰ ਭਾਜਪਾ ਇਨ੍ਹਾਂ ਮਜ਼ਦੂਰਾਂ ਲਈ ਖਾਣਾ ਅਤੇ ਚਾਹ ਲੈ ਕੇ ਆਈ ਹੈ।