ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਪੰਜਾਬ ਦਿਵਸ ’ਤੇ ਪੰਜਾਬ ਦੀ ਰਾਜਨੀਤੀ ਨੂੰ ਵੰਡ ਕੇ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਐਸ ਵਾਈ ਐਲ ਨਹਿਰ ਮੁੱਦੇ ਨੂੰ ਲੀਹੋਂ ਲਾਹ ਕੇ ਪੰਜਾਬ ਤੇ ਪੰਜਾਬੀਆਂ ਦਾ ਅਪਮਾਨ ਕਰਨਗੇ। ਚੰਡੀਗੜ੍ਹ ਵਿੱਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਤਾਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਬਚਾਉਣ ਵਾਸਤੇ ਸਾਰੀਆਂ ਪਾਰਟੀਆਂ ਨੂੰ ਆਲ ਪਾਰਟੀ ਮੀਟਿੰਗ ਵਿਚ ਸੱਦਣ ਵਿਚ ਨਾਕਾਮ ਰਹੇ। ਹੁਣ ਉਹਨਾਂ ਨੇ ਐਸ ਵਾਈ ਐਲ ਮੁੱਦੇ ਨੂੰ ਦਰਕਿਨਾਰ ਕਰ ਦਿੱਤਾ ਹੈ ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਅਖੌਤੀ ਬਹਿਸ ਵਿਚ 19 ਮੁੱਦਿਆਂ ’ਤੇ ਚਰਚਾ ਹੋਵੇਗੀ ਜਿਸਦਾ ਆਯੋਜਨ ਲੁਧਿਆਣਾ ਵਿਚ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਿਸ ਵਿਚ ਹਰ ਬੁਲਾਰੇ ਨੂੰ ਬੋਲਣ ਵਾਲੇ 30 ਮਿੰਟ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸਦਾ ਅਰਥ ਹੈ ਕਿ ਆਪ ਸਰਕਾਰ ਇਸ ਬੇਹੱਦ ਸੰਵੇਦਨਸ਼ੀਲ ਐਸ ਵਾਈ ਐਲ ਨਹਿਰ ਮਾਮਲੇ ’ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਜੁੱਟ ਕਰਨ ਵਾਸਤੇ ਸੰਜੀਦਾ ਨਹੀਂ ਹੈ।
ਕਿਸਾਨ ਜਥੇਬੰਦੀਆਂ ਦੀ ਆਵਾਜਾਈ ਵੀ ਰੋਕ ਦਿੱਤੀ : ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਪੰਜਾਬੀਆਂ ਨੂੰ ਬਹਿਸ ਤੋਂ ਦੂਰ ਰੱਖਣ ਵਾਸਤੇ ਪੰਜਾਬ ਪੁਲਿਸ ਦੀ ਦੁਰਵਰਤੋਂ ਕੀਤੀ ਗਈ ਹੈ, ਉਸਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਾਰੇ ਲੁਧਿਆਣਾ ਸ਼ਹਿਰ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਸ਼ਹਿਰ ਵਿਚ ਹੋ ਰਿਹਾ ਸਾਰਸ ਮੇਲਾ ਵੀ ਬੰਦ ਕਰਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਾਰੇ ਯੂਨੀਅਨ ਆਗੂਆਂ ਤੇ ਕਿਸਾਨ ਜਥੇਬੰਦੀਆਂ ਦੀ ਆਵਾਜਾਈ ਵੀ ਰੋਕ ਦਿੱਤੀ ਗਈ ਹੈ ਤਾਂ ਜੋ ਉਹ ਬਹਿਸ ਵਾਲੀ ਥਾਂ ਨਾ ਪਹੁੰਚ ਸਕਣ ਤੇ ਇਹਨਾਂ ਪ੍ਰਬੰਧਾਂ ਨੇ ਲੋਕਾਂ ਨੂੰ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੰਸੀ ਚੇਤੇ ਕਰਵਾ ਦਿੱਤੀ ਹੈ।
ਉਹਨਾਂ ਕਿਹਾ ਕਿ ਪੁਲਿਸ ਦੇ ਸਖ਼ਤ ਪ੍ਰਬੰਧਾਂ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਸਪੈਸ਼ਲ ਡੀ ਜੀ ਪੀ ਲਾਅ ਐਂਡ ਆਰਡਰ ਨੇ ਭਲਕੇ ਦੀ ਬਹਿਸ ਵਾਸਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵਾਸਤੇ ਮੀਟਿੰਗ ਕੀਤੀ, ਜਿਸ ਵਿਚ ਏਜੀਡੀਪੀ ਟਰੈਫਿਕ, ਏਡੀਜੀਪੀ ਇੰਟੈਲੀਜੈਂਸ, ਆਈਜੀ ਰੋਪੜ, ਕਮਿਸ਼ਨਰ ਆਫ ਪੁਲਿਸ ਲੁਧਿਆਣਾ, ਡੀਆਈਜੀ ਲੁਧਿਆਣਾ ਰੇਂਜ ਤੇ ਡੀ ਆਈ ਜੀ ਪੀ ਏ ਪੀ ਤੋਂ ਇਲਾਵਾ ਅਨੇਕਾਂ ਐਸ ਪੀ ਪੱਧਰ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਬਹਿਸ ਨੂੰ ’ਵੀ ਵੀ ਆਈ ਪੀ ਪ੍ਰੋਗਰਾਮ’ ਦੱਸ ਰਹੀ ਹੈ ਜਿਸ ਤੋਂ ਸਪਸ਼ਟ ਹੈ ਕਿ ਇਸ ਵਿਚ ਸਿਰਫ ਖਾਸ ਆਦਮੀ ਹੀ ਸ਼ਾਮਲ ਹੋਣਗੇ ਤੇ ਆਮ ਪੰਜਾਬੀਆਂ ਨੂੰ ਇਸ ਤੋਂ ਦੂਰ ਰੱਖਿਆ ਜਾਵੇਗਾ।
- Husband Murdered his Wife: ਇਟਲੀ ਤੋਂ ਆਏ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ
- Karwa Chauth Mehndi : ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਮਾਨਸਾ ਦੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ, ਸੁਹਾਗਣਾਂ ਲਗਵਾ ਰਹੀਆਂ ਮਹਿੰਦੀ
- Train accident in Faridkot: ਲਾਪਰਵਾਹੀ ਨੇ ਲਈ ਦੋ ਸੁਰੱਖਿਆ ਗਾਰਡਾਂ ਦੀ ਜਾਨ, ਕੰਨਾਂ 'ਚ ਹੈਡਫੋਨ ਲਗਾ ਕੇ ਕਰ ਰਹੇ ਸਨ ਰੇਲਵੇ ਟਰੈਕ ਕਰਾਸ
ਮਜੀਠੀਆ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਖੁੱਲ੍ਹੀ ਬਹਿਸ ਵਿਚ ਭਾਗ ਲੈ ਕੇ ਵਿਖਾਉਣ ਜਿਥੇ ਮੀਡੀਆ ਵੀ ਹੋਵੇਗਾ ਤੇ ਆਮ ਪੰਜਾਬੀ ਵੀ ਹੋਣਗੇ। ਉਥੇ ਉਹ ਮਸਲੇ ’ਤੇ ਚਰਚਾ ਕਰ ਕੇ ਵਿਖਾਉਣ ਤਾਂ ਆਪ ਉਹਨਾਂ ਨੂੰ ਸ਼ੀਸ਼ਾ ਦਿਸ ਜਾਵੇਗਾ। ਮਜੀਠੀਆ ਨੇ ਭਲਕੇ ਦੀ ਬਹਿਸ ਵਾਸਤੇ ਪਾਸ ਵੰਡਣ ਦੀ ਵੀ ਨਿਖੇਧੀ ਕੀਤੀ ਤੇ ਦੱਸਿਆ ਕਿ ਆਪ ਵਿਧਾਇਕਾਂ ਨੂੰ 30-30 ਪਾਸ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹ ਸਾਰੀ ਬਹਿਸ ਸਿਰਫ ਆਪ ਸਰਕਾਰ ਦੇ ਪਬਲਿਕ ਰਿਲੇਸ਼ਨ ਐਕਸਰਸਾਈਜ਼ ਬਣ ਕੇ ਰਹਿ ਗਈ ਹੈ ਜਿਸਦਾ ਮਕਸਦ ਐਸ ਵਾਈ ਐਲ ਨਹਿਰ ਦੇ ਮੁੱਦੇ ਤੋਂ ਧਿਆਨ ਪਾਸੇ ਕਰਨਾ ਹੈ ਅਤੇ ਵਿਰੋਧੀ ਧਿਰ ਖਿਲਾਫ ਕੂੜ ਪ੍ਰਚਾਰ ਵਿੱਢਣਾ ਹੈ। ਉਹਨਾਂ ਮੁੱਖ ਮੰਤਰੀ ਨੂੰ ਮੁੜ ਸੱਦਾ ਦਿੱਤਾ ਕਿ ਉਹ ਸਾਂਝੇ ਪਲੇਟਫਾਰਮ ’ਤੇ ਸਾਰੇ ਮਾਮਲਿਆਂ ’ਤੇ ਬਹਿਸ ਦੀ ਜ਼ੁਰੱਅਤ ਕਰ ਕੇ ਵਿਖਾਉਣ।