ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਦੀ ਬੈਠਕ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਆਕਸੀਜਨ ਦੀ ਕਮੀ ਨੂੰ ਲੈ ਕੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅੰਮ੍ਰਿਤਸਰ ਅਤੇ ਬਠਿੰਡਾ ਵਿਚ ਆਕਸੀਜਨ ਜਿੱਥੇ ਖਤਮ ਹੋ ਚੁੱਕੀ ਹੈ ਤਾਂ ਉੱਥੇ ਹੀ ਬਾਕੀ ਜ਼ਿਲ੍ਹਿਆਂ ਵਿੱਚ ਵੀ ਹਾਲਾਤ ਖਰਾਬ ਹੁੰਦੇ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਮੁੱਖ ਮੰਤਰੀ ਵੱਲੋਂ ਅਪੀਲ ਵੀ ਕੀਤੀ ਜਾ ਚੁੱਕੀ ਹੈ। ਪਰ ਕੇਂਦਰ ਸਰਕਾਰ ਨੇ ਆਕਸੀਜਨ ਦੀ ਪ੍ਰੋਡਕਸ਼ਨ ਅਤੇ ਸਪਲਾਈ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਹੈ। ਜਦੋਂ ਕਿ ਵੱਧ ਰਹੇ ਕੋਰੋਨਾ ਦੇ ਮਰੀਜ਼ਾਂ ਨੂੰ ਦੇਖਦਿਆਂ ਢਾਈ ਸੌ ਤੋਂ ਤਿੰਨ ਸੌ ਟਨ ਆਕਸੀਜਨ ਦੀ ਜ਼ਰੂਰਤ ਸੂਬੇ ਨੂੰ ਹੈ ਅਤੇ ਕੇਂਦਰ ਸਰਕਾਰ ਨੇ ਇੱਕ ਸੌ ਤਿੰਨ ਟਨ ਆਕਸੀਜਨ ਪੰਜਾਬ ਨੂੰ ਅਲਾਟ ਕੀਤੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਨਤੀ ਕਰਨ ਤੋਂ ਬਾਅਦ ਉਨ੍ਹਾਂ ਨੇ ਇੱਕ ਸੌ ਤਿੰਨ ਤੋਂ ਇੱਕ ਸੌ ਚਾਰ ਟਨ ਕਰ ਦਿੱਤਾ ਲੇਕਿਨ ਸੂਬੇ ਵਿੱਚ ਡੇਢ ਸੌ ਟਨ ਆਕਸੀਜਨ ਦੀ ਕਮੀ ਬਣੀ ਹੋਈ ਹੈ ਅਤੇ ਬਠਿੰਡਾ ਵਿੱਚ ਜਿੱਥੇ ਆਕਸੀਜਨ ਖ਼ਤਮ ਹੋ ਚੁੱਕੀ ਹੈ ਤਾਂ ਉੱਥੇ ਹੀ ਅੰਮ੍ਰਿਤਸਰ ਵਿੱਖੇ ਸ਼ਾਮ ਦੇ ਛੇ ਵਜੇ ਤੱਕ ਆਕਸੀਜਨ ਸੀ ਜੋ ਕਿ ਖ਼ਤਮ ਹੋ ਚੁੱਕੀ ਹੈ।
ਜਿਸ ਦੀ ਜਾਣਕਾਰੀ ਕੈਬਨਿਟ ਦੀ ਬੈਠਕ ਚ ਮਨਪ੍ਰੀਤ ਸਿੰਘ ਬਾਦਲ ਅਤੇ ਓ ਪੀ ਸੋਨੀ ਨੇ ਦਿੱਤੀ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਕਿ ਇੱਕ ਸੌ ਚਾਰ ਟਨ ਜੋ ਪੰਜਾਬ ਨੂੰ ਆਕਸੀਜਨ ਦਿੱਤੀ ਜਾਣੀ ਹੈ। ਉਹ ਵੀ ਟੈਂਕਰ ਹੁਣ ਤੱਕ ਸੂਬੇ ਵਿੱਚ ਨਹੀਂ ਪਹੁੰਚੇ ਹਨ। ਜੋ ਕਿ ਹਰਿਆਣਾ ਵਿੱਚ ਪ੍ਰਸ਼ਾਸਨ ਜਾਂ ਉੱਥੇ ਦੇ ਲੋਕਾਂ ਨੇ ਰੋਕ ਰੱਖੇ ਹਨ ਅਤੇ ਅੱਜ ਦੀ ਤਾਰੀਖ਼ ਵਿੱਚ ਪੰਜ ਸੌ ਚੌਰਾਸੀ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਪੈਂਹਠ ਮਰੀਜ਼ ਵੈਂਟੀਲੇਟਰ ਤੇ ਹਨ, ਜਿਨ੍ਹਾਂ ਨੂੰ ਹਰ ਵੇਲੇ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ।
ਸੁਨੀਲ ਜਾਖੜ ਨੇ ਵੀ ਦੱਸਿਆ ਕਿ ਸੂਬੇ ਵਿੱਚ ਜਿਨ੍ਹਾਂ ਕੋਲ ਆਕਸੀਜਨ ਹੈ। ਉਨ੍ਹਾਂ ਕੋਲੋਂ ਵੀ ਪੰਜਾਬ ਸਰਕਾਰ ਆਕਸੀਜਨ ਨਹੀਂ ਲੈ ਸਕਦੀ। ਕਿਉਂਕਿ ਸਾਰਾ ਕੰਟਰੋਲ ਕੇਂਦਰ ਸਰਕਾਰ ਨੇ ਆਪਣੇ ਹੱਥਾਂ ਵਿਚ ਲੈ ਲਿਆ ਹੈ।
ਇਸ ਦੌਰਾਨ ਸੁਨੀਲ ਜਾਖੜ ਨੇ ਇਹ ਵੀ ਦੱਸਿਆ ਕਿ ਹਸਪਤਾਲਾਂ ਵਿੱਚ ਸਾਢੇ ਚਾਰ ਸੌ ਨਵੀਂ ਭਰਤੀ ਨਰਸਾਂ ਦੀ ਕੀਤੀ ਜਾ ਰਹੀ ਹੈ ਤਾਂ ਜੋ ਮਰੀਜ਼ਾਂ ਦੀ ਦੇਖ ਭਾਲ ਵਿਚ ਕੋਈ ਕਮੀ ਨਾ ਆਵੇ।