ਚੰਡੀਗੜ੍ਹ: ਬਰਗਾੜੀ ਕੇਸ ਮਾਮਲੇ ਨੂੰ ਲੈ ਕੇ ਕੈਪਟਨ ਸਰਕਾਰ ਨੇ CBI ਦੀ ਕਲੋਜ਼ਰ ਰਿਪੋਰਟ ਖ਼ਿਲਾਫ਼ 'ਸੀਬੀਆਈ ਸਪੈਸ਼ਲ ਕੋਰਟ' 'ਚ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਰਗਾੜੀ ਮਾਮਲਾ ਉਨ੍ਹਾਂ ਖ਼ੁਦ ਚੁੱਕਿਆ ਹੈ। ਉਨ੍ਹਾਂ ਸੀਬੀਆਈ ਨੂੰ ਲਿਖਿਆ ਹੈ ਕਿ ਉਨ੍ਹਾਂ ਦੀ ਜਾਂਚ ਵਿੱਚ ਕੀ-ਕੀ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਅਦਾਲਤ ਜਾ ਰਹੇ ਹਨ ਤਾਂ ਕਿ ਸੂਬਾ ਸਰਕਾਰ ਆਪਣੇ ਪੱਧਰ 'ਤੇ ਕੇਸ ਦੀ ਜਾਂਚ ਕਰ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀਆਂ ਨੂੰ ਜਾਂਚ ਵਿੱਚ ਅੜਿੱਕੇ ਡਾਹੁਣ ਲਈ ਆੜੇ ਹੱਥੀਂ ਲਿਆ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਬਰਗਾੜੀ ਕਾਂਡ ਵੇਲੇ ਤਤਕਾਲੀ ਅਕਾਲੀ-ਬੀਜੇਪੀ ਸਰਕਾਰ ਨੇ ਜਾਣਬੁੱਝ ਕੇ ਸੰਵੇਦਨਸ਼ੀਲ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਸੀ ਤੇ ਏਜੰਸੀ ਨੇ ਆਪਣੇ ਮਾਲਕਾਂ ਦੀ ਗੱਲ ਮੰਨਦਿਆਂ ਬਿਨਾਂ ਜਾਂਚ ਕੀਤੇ ਇਹ ਕੇਸ ਬੰਦ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਸੀਬੀਆਈ ਨੇ ਬੇਅਦਬੀ ਮਾਮਲੇ ਦੀ ਜਾਂਚ ਦੇ ਸਬੁਤ ਅਤੇ ਗਵਾਹ ਨਾ ਹੋਣ ਕਰਕੇ ਮਾਮਲੇ ਨੂੰ ਬੰਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਵੱਲੋਂ ਕਲੋਜ਼ਰ ਰਿਪੋਰਟ ਦਾ ਵਿਰੋਧ ਕਿਤਾ ਗਿਆ ਸੀ।