ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ 22 ਮਾਰਚ ਤੋਂ ਲੌਕਡਾਊਨ ਚੱਲ ਰਿਹਾ ਹੈ ਤੇ ਹੁਣ 1 ਜੂਨ ਤੋਂ ਬਾਅਦ ਅੱਨਲੌਕ-1 ਸਰਕਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਿੱਚ ਸਰਕਾਰ ਵੱਲੋਂ ਬਜ਼ਾਰਾਂ ਤੇ ਹੋਰ ਕੰਮਕਾਰ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਹੁਣ ਸਰਕਾਰ ਵੱਲੋਂ 8 ਜੂਨ ਤੋਂ ਧਾਰਮਿਕ ਸੰਸਥਾਵਾਂ ਖੋਲ੍ਹਣ ਦੇ ਵੀ ਆਦੇਸ਼ ਦੇ ਦਿੱਤੇ ਗਏ ਹਨ।
ਕੋੋਰੋਨਾ ਦੇ ਚਲਦਿਆਂ ਸਾਰੇ ਧਾਰਮਿਕ ਸੰਸਥਾਵਾਂ ਵਿੱਚ ਪੁਖ਼ਤਾ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਇਸ ਮੌਕੇ ਈਟੀਵੀ ਭਾਰਤ ਨੇ ਨਾਡਾ ਸਾਹਿਬ ਗੁਰਦੁਆਰੇ ਵਿੱਚ ਜਾ ਕੇ ਉਨ੍ਹਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਜਗੀਰ ਸਿੰਘ ਨੇ ਦੱਸਿਆ ਕਿ ਨਾਡਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਗੁਰਦੁਆਰੇ ਦੀ ਮੇਨ ਐਂਟਰੀ 'ਤੇ ਵਾਸ਼ਵੇਸ਼ਨ ਲਗਾਇਆ ਗਿਆ ਹੈ ਤੇ ਅੰਦਰ ਐਂਟਰੀ ਗੇਟ 'ਤੇ ਇੱਕ ਆਟੋਮੈਟਿਕ ਸੈਨੇਟਾਈਜ਼ਰ ਮਸ਼ੀਨ ਲਗਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਜਗ੍ਹਾ-ਜਗ੍ਹਾ ਲਿਖ ਕੇ ਵੀ ਲਾਇਆ ਹੋਇਆ ਹੈ ਕਿ ਮਾਸਕ ਪਾਓ ਅਤੇ 2 ਮੀਟਰ ਦੀ ਦੂਰੀ ਬਣਾਏ ਰੱਖੋ ਤੇ ਹੱਥ ਸੈਨੇਟਾਈਜ਼ ਕਰਨ ਤੋਂ ਬਾਅਦ ਹੀ ਗੁਰਦੁਆਰੇ ਦੇ ਅੰਦਰ ਜਾਓ।
ਲੰਗਰ ਬਾਰੇ ਗ਼ੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੰਗਰ ਹਾਲ ਵਿੱਚ ਵੀ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਹਰ ਸੇਵਾਦਾਰ ਮਾਸਕ ਪਾ ਕੇ ਲੰਗਰ ਵਰਤਾਏ ਤੇ ਸੰਗਤਾਂ ਨੂੰ 2 ਮੀਟਰ ਦੀ ਦੂਰੀ 'ਤੇ ਬੈਠ ਕੇ ਲੰਗਰ ਛੱਕਣ ਲਈ ਕਿਹਾ ਗਿਆ ਹੈ।