ਚੰਡੀਗੜ੍ਹ: ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਵਲੋਂ ਆਪਣੀ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾਣਾ ਹੈ, ਜਿਸ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਪੇਸ਼ ਕਰਨਗੇ। ਇਸ ਬਜਟ 'ਤੇ ਹਰ ਵਰਗ ਦੀਆਂ ਨਜ਼ਰਾਂ ਖੜੀਆਂ ਹੋਈਆਂ ਹਨ, ਕਿਉਂਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਆਪਣੇ ਇਸ ਬਜਟ 'ਚ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ, ਕਿਉਂਕਿ ਸਰਕਾਰ ਨੂੰ ਆਸ ਹੈ ਕਿ ਜੇਕਰ ਉਹ ਇਸ ਬਜਟ 'ਚ ਕੁਝ ਚੰਗਾ ਲੈ ਕੇ ਆਉਂਦੀ ਹੈ ਤਾਂ ਆਉਣ ਵਾਲੀਆਂ ਚੋਣਾਂ 'ਚ ਮੁੜ ਸੂਬੇ 'ਚ ਲੋਕ ਕਾਂਗਰਸ ਦੀ ਸਰਕਾਰ ਬਣਾਉਣ। ਇਸ ਦੇ ਮੱਦੇਨਜ਼ਰ ਸਰਕਾਰ ਹਰ ਤਬਕੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇਗੀ।
ਬਜਟ ਦੌਰਾਨ ਜੋ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਇਸ ਬਜਟ ਸੈਸ਼ਨ 'ਚ ਭਾਗ ਨਹੀਂ ਲੈ ਸਕਦੇ, ਉਨ੍ਹਾਂ ਵਲੋਂ ਸਦਨ ਤੋਂ ਕੋਈ ਵਾਕਆਊਟ ਨਹੀਂ ਕੀਤਾ ਜਾਵੇਗਾ ਸਗੋਂ ਪਿਛਲੇ ਦਿਨੀਂ ਵਿਧਾਨ ਸਭਾ 'ਚ ਹੰਗਾਮਾ ਕਰਨ ਨੂੰ ਲੈਕੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਬਜਟ ਸੈਸ਼ਨ ਦਾ ਹਿੱਸਾ ਨਹੀਂ ਬਣ ਸਕਦੇ।
ਅਕਾਲੀ ਦਲ ਵਲੋਂ ਕੈਪਟਨ ਸਰਕਾਰ ਨੂੰ ਖੇਤੀ ਕਾਨੂੰਨਾਂ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਲੈਕੇ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਸਦਨ 'ਚ ਹੋਏ ਹੰਗਾਮੇ ਤੋਂ ਬਾਅਦ ਸਪੀਕਰ ਵਲੋਂ ਅਕਾਲੀ ਦਲ ਦੇ ਵਿਧਾਇਕਾਂ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ:ਮਹਿਲਾ ਦਿਵਸ ਮੌਕੇ ਮੁੱਖ ਮੰਤਰੀ 2407 ਮਹਿਲਾ ਅਧਿਆਪਕਾਂ ਨੂੰ ਸੌਪਣਗੇ ਨਿਯੁਕਤੀ ਪੱਤਰ