ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਚੱਲ ਰਹੀ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਜ਼ਿਲ੍ਹਾਂ ਪ੍ਰਧਾਨਾਂ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਅੱਜ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜ ਸਣੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨਾਲ ਬੈਠਕ ਕੀਤੀ ਗਈ ਹੈ ਤੇ ਸਰਕਾਰ ਖਿਲਾਫ ਬਾਕੀ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਅਕਾਲੀ ਦਲ ਰੈਲੀਆਂ ਕਰੇਗਾ।
ਇਸ ਮੌਕੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਖ਼ਿਲਾਫ਼ ਰੋਸ ਰੈਲੀਆਂ ਕਰ ਰਿਹਾ ਅਕਾਲੀ ਦਲ ਹੁਣ ਤੱਕ ਸੱਤ ਜ਼ਿਲ੍ਹਿਆਂ 'ਚ ਕਾਂਗਰਸ ਦੀ ਪੋਲ ਖੋਲ ਚੁੱਕਿਆ ਹੈ ਤੇ 10 ਅਪ੍ਰੈਲ ਤੋਂ ਪਹਿਲਾਂ ਬਾਕੀ ਦੇ 15 ਜ਼ਿਲ੍ਹਿਆਂ ਦੇ ਵਿੱਚ ਵੀ ਰੈਲੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀਆਂ ਤਰੀਕ ਫਾਈਨਲ ਕਰ ਦਿੱਤੀ ਗਈ ਹੈ। ਦਲਜੀਤ ਚੀਮਾ ਨੇ ਇਹ ਵੀ ਕਿਹਾ ਕਿ ਪਾਰਟੀ ਦੀ ਜਥੇਬੰਦੀ ਅਤੇ ਸਰਕਲ ਇਕਾਈਆਂ ਫਰਵਰੀ ਮਹੀਨੇ ਦੇ ਵਿੱਚ ਬਣਾ ਦਿੱਤੀਆਂ ਜਾਣਗੀਆਂ।
ਢੀਂਡਸਾ ਪਰਿਵਾਰ ਦੇ ਅਕਾਲੀ ਦਲ ਤੋਂ ਕੱਢੇ ਜਾਣ 'ਤੇ ਦਲਜੀਤ ਚੀਮਾ ਨੇ ਕਿਹਾ ਕਿ ਅਸੀਂ ਸਹੂਲਤ ਕਰ ਦਿੱਤੀ ਕਿ ਨਾ ਹੀ ਨੋਟਿਸ ਨਾ ਹੀ ਜਵਾਬ, ਜਿਸ ਤਰੀਕੇ ਦੇ ਉਹ ਕੰਮ ਕਰ ਰਹੇ ਹਨ ਉਸ ਤੋਂ ਸਾਫ ਹੋ ਰਿਹਾ ਸੀ ਕਿ ਉਹ ਪਾਰਟੀ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ। ਇਸ ਲਈ ਹਜ਼ਾਰਾਂ ਵਰਕਰਾਂ ਨੇ ਜਦ ਫ਼ੈਸਲਾ ਸੁਣਾ ਦਿੱਤਾ ਤਾਂ ਪਾਰਟੀ ਨੂੰ ਵੀ ਆਪਣਾ ਫੈਸਲਾ ਸੁਣਾਉਣਾ ਪਿਆ।