ਚੰਡੀਗੜ੍ਹ: ਆਨਲੌਕ-1 ਵਿੱਚ ਪੜਾਅਵਾਰ ਢਿੱਲਾ ਦੇਣ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਭਰ ਦੇ ਵਿੱਚ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲਜ਼ 8 ਜੂਨ ਤੋਂ ਖੁੱਲ੍ਹ ਗਏ ਹਨ। ਇਸੇ ਤਹਿਤ ਸੈਕਟਰ 20 ਦੇ ਕਲਗੀਧਰ ਗੁਰਦੁਆਰਾ ਸਾਹਿਬ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ। ਜਿੱਥੇ ਮੰਗਲਵਾਰ ਨੂੰ ਸੰਗਤਾਂ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸਾਹਿਬ ਪਹੁੰਚੀਆਂ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਨੂੰ ਚੰਗੇ ਤਰੀਕੇ ਨਾਲ ਸੈਨੇਟਾਈਜ਼ ਕਰਵਾਇਆ ਗਿਆ ਹੈ। ਗੁਰਦੁਆਰੇ ਦੇ ਅੰਦਰ ਆਉਣ ਤੋਂ ਪਹਿਲਾਂ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਸੈਨੇਟਾਈਜ਼ਰ ਦੇ ਨਾਲ ਹੱਥ ਵੀ ਧਵਾਏ ਜਾ ਰਹੇ ਹਨ, ਇਸ ਤੋਂ ਬਾਅਦ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਦਿੱਤੀ ਜਾ ਰਹੀ ਹੈ। ਉੱਥੇ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਵੀ ਚੀਜ਼ ਨੂੰ ਹੱਥ ਲਗਾਉਣ ਦੀ ਮਨਾਹੀ ਹੈ।