ਚੰਡੀਗੜ੍ਹ: ਪੰਜਾਬ ਦੇ ਪਸ਼ੂ ਅਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੱਡੀ ਗਿਣਤੀ ਵਿੱਚ ਪਸ਼ੂ ਮਰਨ ਦੀ ਘਟਨਾ ਨੂੰ ਅਫਸੋਸਜਨਕ ਦੱਸਦਿਆਂ ਕਿਹਾ ਕਿ ਇਸ ਘਟਨਾ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਉਨ੍ਹਾਂ ਦੇ ਵਿਭਾਗ ਦੀ ਕੋਈ ਕੁਤਾਹੀ ਸਾਹਮਣੇ ਆਉਣ ਦੀ ਸੂਰਤ 'ਚ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪਸ਼ੂ ਪਾਲਕਾਂ ਅਤੇ ਡੇਅਰੀ ਫ਼ਾਰਮ ਚਲਾ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਦੀ ਖਾਧ-ਖੁਰਾਕ ਦਾ ਖਿਆਲ ਰੱਖਣ।
ਬਾਜਵਾ ਨੇ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪਸ਼ੂਆਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਮਾਹਰਾਂ ਦੇ ਦੱਸੇ ਅਨੁਸਾਰ ਹੀ ਚਾਰਾ ਅਤੇ ਖ਼ੁਰਾਕ ਪਾਉਣ ਅਤੇ ਹੋਟਲਾਂ-ਢਾਬਿਆਂ ਤੋਂ ਬਚਿਆ-ਖੁਚਿਆ ਖਾਣਾ ਪਾਉਣ ਤੋਂ ਗੁਰੇਜ਼ ਕਰਨ। ਬਰਸਾਤ ਦੇ ਮੌਸਮ ਵਿੱਚ ਪਸ਼ੂਆਂ ਦੀ ਖ਼ੁਰਾਕ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਮੌਸਮ ਵਿੱਚ ਚਾਰੇ ਅਤੇ ਹੋਰ ਖਾਧ ਪਦਾਰਥਾਂ ਨੂੰ ਛੇਤੀ ਉੱਲੀ ਲੱਗ ਜਾਂਦੀ ਹੈ ਜੋ ਪਸ਼ੂਆਂ ਦੀ ਜਾਨ ਦਾ ਦੁਸ਼ਮਣ ਬਣ ਸਕਦੀ ਹੈ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਖ਼ਰਾਬ ਹੋਇਆ ਅਨਾਜ, ਜਿਸ ਨੂੰ ਆਦਮੀਆਂ ਦੇ ਖਾਣ ਯੋਗ ਨਹੀਂ ਸਮਝਿਆ ਜਾਂਦਾ, ਅਕਸਰ ਹੀ ਪਸ਼ੂਆਂ ਅਤੇ ਮੁਰਗੀਆਂ ਨੂੰ ਪਾ ਦਿੱਤਾ ਜਾਂਦਾ ਹੈ ਜੋ ਬਹੁਤ ਹੀ ਗੈਰ-ਸਿਹਤਮੰਦ ਰੁਝਾਨ ਹੈ। ਉਨ੍ਹਾਂ ਕਿਹਾ ਕਿ ਇਸ ਖ਼ਰਾਬ ਅਨਾਜ ਦਾ ਪਸ਼ੂਆਂ ਖਾਸ ਕਰ ਕੇ ਮੱਝਾਂ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਹੁੰਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜ਼ਹਿਰੀਲੀ ਉੱਲੀ ਤੋਂ ਰੋਕਥਾਮ ਲਈ ਪਸ਼ੂਆਂ ਨੂੰ ਮਿਆਰੀ ਖੁਰਾਕ ਪਾਈ ਜਾਵੇ, ਕਮਰਾ ਹਵਾਦਾਰ ਹੋਵੇ ਅਤੇ ਖੁਰਾਕ ਅਤੇ ਪਾਣੀ ਲਈ ਸਾਫ਼ ਬਰਤਨ ਵਰਤਣੇ ਚਾਹੀਦੇ ਹਨ। ਖੁਰਾਕ ਨੂੰ ਸਟੋਰ ਕਰਨ ਅਤੇ ਢੋਆ ਢੁਆਈ ਦੀਆਂ ਚੰਗੀਆਂ ਸਹੂਲਤਾਂ ਹੋਣ ਤਾਂ ਜੋ ਨਮੀ ਤੋਂ ਬਚਾਓ ਹੋ ਸਕੇ।