ਮੁਹਾਲੀ: ਵਿਸ਼ਵ ਸਿਹਤ ਦਿਹਾੜਾ ਸਾਲ 2023 ਦਾ ਇਸ ਵਾਰ ਦਾ ਥੀਮ 'ਹੈਲਥ ਫਾਰ ਆਲ' ਯਾਨਿ ਕਿ ਸਾਰਿਆਂ ਨੂੰ ਚੰਗੀ ਗੁਣਾਤਮਕਤਾ ਵਾਲੀਆਂ ਸਿਹਤ ਸੇਵਾਵਾਂ ਦੀ ਬਰਾਬਰ ਪਹੁੰਚ ਵਿੱਚ ਸ਼ਾਮਿਲ ਕਰਨਾ। ਜਿਸ ਦਾ ਮਕਸਦ ਹੈ ਸਾਰੇ ਵਰਗਾਂ ਤੱਕ ਸਾਰੀਆਂ ਸਿਹਤ ਸੇਵਾਵਾਂ ਪਹੁੰਚਾਉਣਾ। ਵਿਸ਼ਵ ਪੱਧਰ 'ਤੇ ਇਹ ਦਿਨ ਸਿਹਤ ਖੇਤਰ ਦੇ ਮਾਪਦੰਡਾਂ ਦੀ ਰਹਿਨੁਮਾਈ ਕਰਦਾ ਹੈ। ਇਸ ਸਭ ਦੇ ਵਿਚਾਲੇ ਪੰਜਾਬ ਦਾ ਸਿਹਤ ਮਾਡਲ ਹਮੇਸ਼ਾ ਚਰਚਾਵਾਂ ਵਿੱਚ ਰਹਿੰਦਾ ਹੈ ਅਤੇ ਮੌਜੂਦਾ ਸਰਕਾਰ ਤਾਂ ਪੰਜਾਬ ਵਿੱਚ ਇਕ ਚੰਗਾ ਸਿਹਤ ਮਾਡਲ ਹੋਣ ਦਾ ਦਾਅਵਾ ਕਰਦੀ ਹੈ। ਵਿਸ਼ਵ ਸਿਹਤ ਦਿਹਾੜੇ ਮੌਕੇ ਗੱਲ ਕਰਦੇ ਹਾਂ ਕਿ "ਹੈਲਥ ਫਾਰ ਆਲ" ਦਾ ਥੀਮ ਪੰਜਾਬ ਦੇ ਸਿਹਤ ਖੇਤਰ ਲਈ ਕਿੰਨਾ ਢੁੱਕਵਾਂ ਹੈ ?
75 ਸਾਲ ਬਾਅਦ ਆਇਆ ਹੈਲਥ ਫਾਰ ਆਲ ਦਾ ਥੀਮ: ਵਿਸ਼ਵ ਸਿਹਤ ਦਿਹਾੜੇ ਮੌਕੇ 75 ਸਾਲ ਬਾਅਦ ਹੈਲਥ ਫਾਰ ਆਲ ਦਾ ਥੀਮ ਆਇਆ ਹੈ। ਜਿਸ ਦਾ ਮਕਸਦ ਹੁਣ ਇਹ ਹੈ ਕਿ ਸਿਹਤ ਸੁਵਿਧਾਵਾਂ ਉਹਨਾਂ ਲੋਕਾਂ ਤੱਕ ਵੀ ਪਹੁੰਚਾਈਆਂ ਜਾਣ ਜਿਹਨਾਂ ਕੋਲ ਹੁਣ ਤੱਕ ਨਹੀਂ ਪਹੁੰਚ ਸਕੀਆਂ। ਸਿਹਤ ਮਾਹਿਰਾਂ ਦੀ ਮੰਨੀਏ ਤਾਂ ਹੁਣ ਤੱਕ 'ਹੈਲਥ ਫਾਰ ਆਲ' ਦਾ ਟੀਚਾ ਮੁਕੰਮਲ ਨਹੀਂ ਹੋ ਸਕਿਆ। ਪੰਜਾਬ ਵਿੱਚ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਚੰਗੀ ਸਿਹਤ ਨੂੰ ਸਾਰੇ ਵਰਗਾਂ ਤੱਕ ਪਹੁੰਚਾਇਆ ਜਾਵੇ। ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਸਥਾਪਿਤ ਕਰਕੇ ਇਕ ਨਵੇਂ ਸਿਹਤ ਮਾਡਲ ਦੀ ਪਿਰਤ ਪਾਈ। ਏਮਜ਼ ਮੁਹਾਲੀ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਦਾ ਡਾਕਟਰ ਬਵਨੀਤ ਭਾਰਤੀ ਦਾ ਕਹਿਣਾ ਹੈ ਕਿ ਹੁਣ ਵਕਤ ਆ ਗਿਆ ਹੈ ਕਿ ਹੈਲਥ ਫਾਰ ਆਲ ਨੂੰ ਘਰ-ਘਰ ਪਹੁੰਚਾਇਆ ਜਾਵੇ।
ਪੰਜਾਬ ਦਾ ਸਿਹਤ ਖੇਤਰ ਦੀ ਜ਼ਮੀਨੀ ਹਕੀਕਤ ਕੀ ?: 1978 'ਚ ਆਲਮ ਆਟਾ ਵਿੱਚ ਹੋਈ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਸਾਰੇ ਵਿਸ਼ਵ ਦੇ ਲੋਕਾਂ ਨੂੰ ਚੰਗੀ ਸਿਹਤ ਦੇਣ ਦਾ ਟੀਚਾ ਮਿਥਿਆ ਗਿਆ। ਜਿਸ ਤੋਂ ਬਾਅਦ ਪੰਜਾਬ ਦੇ ਸਿਹਤ ਖੇਤਰ ਵਿੱਚ ਵੀ ਤਰੱਕੀ ਹੋਈ। ਪੰਜਾਬ ਦੇ ਵਿੱਚ ਵੀ ਕਈ ਡਿਸਪੈਂਸਰੀਆਂ ਅਤੇ ਹੈਲਥ ਸੈਂਟਰ ਖੁੱਲ੍ਹੇ। 4400 ਡਾਕਟਰਾਂ ਦੀ ਭਰਤੀ ਵੀ ਹੋਈ ਅਤੇ ਹਰ ਸਾਲ ਡਾਕਟਰਾਂ ਦੀ ਭਰਤੀ ਖੋਲ੍ਹੀ ਵੀ ਗਈ। ਜਦੋਂ 90 ਦੇ ਦਹਾਕੇ ਤੋਂ ਬਾਅਦ ਸਿਹਤ ਖੇਤਰ ਦਾ ਨਿੱਜੀਕਰਨ ਹੋਇਆ ਤਾਂ ਪੰਜਾਬ ਦਾ ਸਿਹਤ ਖੇਤਰ ਨਿਘਾਰ ਵੱਲ ਗਿਆ। ਡਾਕਟਰਾਂ ਦੀ ਗਿਣਤੀ ਘਟਦੀ ਗਈ ਅਤੇ ਰੂਰਲ ਹਸਪਤਾਲ ਬੰਦ ਹੁੰਦੇ ਰਹੇ। ਡਿਸਪੈਂਸਰੀਆਂ ਦੀ ਹਾਲਤ ਖਸਤਾ ਹੋ ਗਈ ਸਾਰਾ ਕੁਝ ਕਾਗਜ਼ੀ ਕਾਰਵਾਈ ਦੇ ਹਵਾਲੇ ਹੋ ਗਿਆ। ਸਿਹਤ ਖੇਤਰ ਵਿੱਚ ਚੰਗਾ ਤਜ਼ਰਬਾ ਰੱਖਣ ਵਾਲੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਪਿਆਰੇ ਲਾਲ ਗਰਗ ਦਾ ਮੰਨਣਾ ਹੈ ਕਿ ਪੰਜਾਬ ਦਾ ਸਿਹਤ ਢਾਂਚਾ ਜਿੰਨਾ ਜ਼ਿਆਦਾ ਵੱਡਾ ਹੈ ਸੁਵਿਧਾਵਾਂ ਉਸ ਮੁਤਾਬਿਕ ਨਹੀਂ ਹਨ।
ਡਿਸਪੈਂਸਰੀਆਂ ਖ਼ਤਮ ਹੋਈਆਂ: ਕੁਝ ਸਾਲ ਪਿੱਛੇ ਝਾਤ ਮਾਰੀਏ ਤਾਂ ਕੈਪਟਨ ਸਰਕਾਰ ਦੇ 2002 ਦੇ ਕਾਰਜਕਾਲ ਦੌਰਾਨ ਪਿੰਡਾਂ ਦੀਆਂ 1186 ਡਿਸਪੈਂਸਰੀਆਂ ਪੰਚਾਇਤੀ ਰਾਜ ਨੂੰ ਦੇ ਦਿੱਤੀਆਂ ਗਈਆਂ। ਉਹਨਾਂ ਡਿਸਪੈਂਸਰੀਆਂ ਵਿੱਚ ਡਾਕਟਰਾਂ ਲੋਕਾਂ ਨੂੰ ਆਊਟਡੋਰ ਸੇਵਾਵਾਂ ਮਿਲਣੀਆਂ ਬੰਦ ਹੋ ਗਈਆਂ, ਕਿਉਂਕਿ ਡਾਕਟਰ ਉਥੇ ਜਾਂਦੇ ਨਹੀਂ ਸਨ। ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਰਹੀ। ਪੰਜਾਬ ਵਿੱਚ 526 ਪ੍ਰਾਇਮਰੀ ਹੈਲਥ ਸੈਂਟਰਾਂ ਵਿਚ 24 ਘੰਟੇ ਸੇਵਾਵਾਂ ਦਾ ਟੀਚਾ ਰੱਖਿਆ ਗਿਆ, ਪਰ ਡਾਕਟਰਾਂ ਦੀ ਘਾਟ ਕਾਰਨ ਕਦੇ ਇਹ ਟੀਚਾ ਪੂਰਾ ਨਹੀਂ ਹੋਇਆ। ਕਮਿਊਨਿਟੀ ਹੈਲਥ ਸੈਂਟਰਾਂ ਵਿੱਚ 4 ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ। ਪਿੰਡਾਂ ਦੀ ਪੌਣੇ 2 ਕਰੋੜ ਅਬਾਦੀ ਨੂੰ ਪੂਰੀਆਂ ਸਿਹਤ ਸੁਵਿਧਾਵਾਂ ਨਹੀਂ ਮਿਲ ਸਕੀਆਂ।
ਅਨੀਮੀਆ ਨਾਲ ਜੂਝ ਰਹੀਆਂ 15 ਤੋਂ 19 ਸਾਲ ਦੀਆਂ ਲੜਕੀਆਂ: ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਮੁਤਾਬਿਕ ਪੰਜਾਬ ਵਿੱਚ 15 ਤੋਂ 19 ਸਾਲ ਦੀਆਂ 70 ਪ੍ਰਤੀਸ਼ਤ ਲੜਕੀਆਂ ਅਨੀਮੀਆ (ਖੂਨ ਦੀ ਕਮੀ) ਨਾਲ ਜੂਝ ਰਹੀਆਂ ਹਨ। 30 ਪ੍ਰਤੀਸ਼ਤ ਨੌਜਵਾਨ ਅਜਿਹੇ ਹਨ ਜੋ ਖੂਨ ਦੀ ਕਮੀ ਦਾ ਸ਼ਿਕਾਰ ਹਨ ਅਤੇ 58 ਪ੍ਰਤੀਸ਼ਤ ਔਰਤਾਂ ਨੂੰ ਖੂਨ ਦੀ ਕਮੀ ਹੈ ਜਦ ਕਿ 2005 ਵਿੱਚ ਇਹ ਅੰਕੜਾ 37 ਪ੍ਰਤੀਸ਼ਤ ਸੀ। 6 ਤੋਂ 23 ਮਹੀਨੇ ਦੇ 88 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਅਜਿਹੇ ਬੱਚੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਉਹਨਾਂ ਦੀ ਸਿਹਤ ਨਹੀਂ ਬਣਦੀ, ਭਾਰ ਨਹੀਂ ਵੱਧਦਾ ਅਤੇ ਦਿਮਾਗੀ ਵਿਕਾਸ ਰੁਕ ਜਾਂਦਾ ਹੈ। ਹੁਣ ਤੱਕ ਸਾਹਮਣੇ ਆਈਆਂ ਰਿਪੋਰਟਾਂ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਪਾਣੀ ਪ੍ਰਦੂੁਸ਼ਿਤ ਹੋਣ ਕਰਕੇ ਕਾਲੇ ਪੀਲੀਏ ਦੀ ਸਮੱਸਿਆ ਵੱਧ ਰਹੀ ਹੈ, ਕੈਂਸਰ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਸਰੀਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਤੋਂ ਅਸਮਰੱਥ ਹੁੰਦਾ ਜਾ ਰਿਹਾ ਹੈ। ਡਾ. ਪਿਆਰੇ ਲਾਲ ਗਰਗ ਕਹਿੰਦੇ ਹਨ ਕਿ ਭੋਜਨ ਵਿਚ ਮਿਲਾਵਟਾਂ ਅਤੇ ਦਵਾਈਆਂ ਵਿੱਚ ਹੇਰਾ ਫੇਰੀ ਇਸ ਕਦਰ ਵਧ ਗਈ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਨਾਲ ਕੀਤੀ ਮੁਲਾਕਾਤ, ਕਿਹਾ- ਖੜ੍ਹਗੇ ਦਿੰਦੇ ਨੇ ਪਾਰਟੀ ਨੂੰ ਨਵੀਂ ਊਰਜਾ