ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਮੋਰਚਾ ਖੋਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਪ ਨੇ ਇਸ ਅੰਦੋਲਨ ਨੂੰ ਸ਼ੁਰੂ ਕਰਨ ਲਈ ਰੂਪ-ਰੇਖਾ ਉਲੀਕ ਲਈ ਹੈ। ਇਸ ਸੰਘਰਸ਼ ਦੀ ਅਗਵਾਈ ਕੋਰ ਕਮੇਟੀ ਦੇ ਚੇਅਰਮੈਨ ਬੁੱਧਰਾਮ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਕੋਆਰਡੀਨੇਟਰ ਅਮਨ ਅਰੋੜਾ ਅਤੇ ਮੀਤ ਹੇਅਰ ਕਰਣਗੇ।
ਆਮ ਆਦਮੀ ਪਾਰਟੀ ਨੇ ਸੂਬਾ ਕੋਰ ਕਮੇਟੀ ਦੀ ਬੈਠਕ 'ਚ ਕਈ ਵੱਡੇ ਮੁਦੇ ਚੁੱਕੇ ਜਿਨ੍ਹਾਂ ਵਿੱਚ ਪੰਜਾਬ 'ਚ ਪਾਣੀਆਂ ਦੇ ਸੰਕਟ 'ਤੇ ਵਿਧਾਨ ਸਭਾ ਦਾ 2 ਰੋਜ਼ਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ, ਦਿੱਲੀ 'ਚ ਭਗਤ ਸ੍ਰੀ ਰਵੀਦਾਸ ਜੀ ਨਾਲ ਸਬੰਧਿਤ ਪੁਰਾਤਨ ਮੰਦਰ ਢਾਹੇ ਜਾਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਇਨ੍ਹਾਂ ਮੁੱਦਿਆਂ 'ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮੰਗ ਕੀਤੀ ਹੈ। 'ਆਪ' ਨੇ ਕੈਪਟਨ ਤੇ ਬਾਦਲਾਂ 'ਤੇ ਦੋਸ਼ ਲਗਾਉਂਦੀਆ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ 25 ਸਾਲਾਂ 'ਚ 70 ਹਜ਼ਾਰ ਕਰੋੜ ਰੁਪਏ ਬਿਜਲੀ ਕਰ ਦੇ ਅਧਾਰ 'ਤੇ ਲੁੱਟੇ ਹਨ।
ਅਮਨ ਅਰੋੜਾ ਨੇ ਬਿਜਲੀ ਅੰਦੋਲਨ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪੂਰੇ ਭਾਰਤ 'ਚ ਸਭ ਤੋਂ ਮਹਿੰਗੀ ਬਿਜਲੀ ਵੇਚਣ ਵਾਲਿਆਂ ਸੂਬਿਆਂ ਵਿੱਚ ਸ਼ੁਮਾਰ ਹੈ। ਬਿਜਲੀ ਮਹਿੰਗੀ ਹੋਣ ਲਈ ਅਮਨ ਅਰੋੜਾ ਨੇ ਬਾਦਲ ਸਰਕਾਰ ਨੂੰ ਦੋਸ਼ੀ ਠਹਿਰਾਇਆ। ਅਮਨ ਅਰੋੜਾ ਨੇ ਕਿਹਾ ਕਿ ਸਾਬਕਾ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਤਿਨ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਮਹਿੰਗੇ ਅਤੇ ਮਾਰੂ ਸ਼ਰਤਾਂ ਤਹਿਤ ਕੀਤੇ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਹਨ। ਇਨ੍ਹਾਂ ਕੰਪਨੀਆਂ ਦੀ ਪ੍ਰਤੀ ਯੂਨਿਟ ਬਿਜਲੀ ਬੁਨਿਆਦੀ ਦਰ ਹੀ ਮਹਿੰਗੀ ਹੈ, ਜਿਸ ਕਾਰਨ ਪੰਜਾਬ ਹਰ ਸਾਲ 2800 ਕਰੋੜ ਇਨ੍ਹਾਂ ਕੰਪਨੀਆਂ ਨੂੰ ਭਰ ਰਿਹਾ ਹੈ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਪਾਣੀਆਂ ਦੇ ਮੁੱਦੇ 'ਤੇ 2 ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਦੀ ਮੰਗ ਕੀਤੀ ਹੈ। ਆਪ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਦਨ 'ਚ ਪਾਣੀਆਂ ਬਾਰੇ ਸੁਣਵਾਈ ਅਧੀਨ ਕੇਸਾਂ, ਪੁਰਾਣੇ ਸਮਝੌਤਿਆਂ, ਦਰਿਆਵਾਂ 'ਚ ਘੱਟ ਰਹੀ ਪਾਣੀ ਦੀ ਮਾਤਰਾ, ਪ੍ਰਦੂਸ਼ਿਤ ਹੋ ਰਹੇ ਕੁਦਰਤੀ ਜਲ ਸਰੋਤਾਂ ਅਤੇ ਤੇਜ਼ੀ ਨਾਲ ਹੇਠਾਂ ਡਿਗ ਰਹੇ ਪੱਧਰ ਸਮੇਤ ਹਰੇਕ ਪੱਖ 'ਤੇ ਵਿਚਾਰ-ਚਰਚਾ ਕਰ ਕੇ ਫ਼ੈਸਲਾ ਲੈਣਾ ਚਾਹਿਦਾ ਹੈ।