ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੈਪਟਨ ਆਪਣੇ ਮੰਤਰੀਆਂ ਨਾਲ ਬਣਾ ਕੇ ਨਹੀਂ ਰੱਖ ਪਾਏ। ਉਨ੍ਹਾਂ ਨੇ ਕਿਹਾ ਕਿ ਕਰਨ ਅਵਤਾਰ ਸਿੰਘ ਜੋ ਕਿ ਚੀਫ ਸੈਕੇਟਰੀ ਸਨ, ਉਹ ਤਾਂ ਸਿਰਫ਼ ਇਕ ਮੋਹਰੇ ਵਜੋਂ ਵਰਤੇ ਗਏ ਹਨ। ਸੰਧਵਾਂ ਨੇ ਕਿਹਾ ਕਿ ਕੈਪਟਨ ਦੇ ਮੰਤਰੀਆਂ ਨੂੰ ਤਿੰਨ ਸਾਲ ਬਾਅਦ ਇਹ ਗੱਲ ਸਮਝ ਆਈ ਹੈ ਜੋ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਸੀ।
ਪੰਜਾਬ ਵਿੱਚ ਐਕਸਾਈਜ਼ ਪੌਲਸੀ ਸਹੀ ਨਹੀਂ ਹੈ ਹੁਣ ਜਦੋਂ ਚੋਣਾਂ ਦਾ ਸਮਾਂ ਸਿਰ 'ਤੇ ਹੈ ਉਦੋਂ ਇਨ੍ਹਾਂ ਨੂੰ ਖਾਲੀ ਖ਼ਜ਼ਾਨੇ ਦਾ ਧਿਆਨ ਆ ਰਿਹਾ ਹੈ। ਅਤੇ ਫਿਰ ਪਤਾ ਲੱਗ ਰਿਹਾ ਹੈ ਕਿ ਸ਼ਰਾਬ ਦੇ ਵਿੱਚੋਂ ਇਨ੍ਹਾਂ ਨੂੰ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਜਦੋਂ ਕਿ ਆਮ ਆਦਮੀ ਪਾਰਟੀ ਪਿਛਲੇ ਤਿੰਨ ਵਰ੍ਹਿਆਂ ਤੋਂ ਇਨ੍ਹਾਂ ਨੂੰ ਇਹ ਦੱਸ ਰਹੀ ਸੀ।
ਕੁਲਤਾਰ ਸੰਧਵਾਂ ਨੇ ਕਿਹਾ ਕਿ ਕੈਪਟਨ ਨੂੰ ਕੁਝ ਨਹੀਂ ਪਤਾ ਤਾਂ ਕਿਸੇ ਹੋਰ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨੀਤੀ ਕੈਪਟਨ ਅਮਰਿੰਦਰ ਸਿੰਘ ਨੇ ਜੇ ਅਪਣਾਈ ਹੁੰਦੀ ਤਾਂ ਅੱਜ ਜਿਸ ਤਰ੍ਹਾਂ ਲੋਕ ਕੇਜਰੀਵਾਲ ਨੂੰ ਮੰਨੀ ਬੈਠੇ ਹਨ, ਉਸੇ ਤਰੀਕੇ ਕੈਪਟਨ ਦੀ ਵੀ ਵਾਹ-ਵਾਹ ਹੋ ਜਾਣੀ ਸੀ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਮੁੱਖ ਮੰਤਰੀ ਨੂੰ ਆਪਣੀ ਟਾਪ ਤੋਂ ਹੀ ਫੁਰਸਤ ਨਹੀਂ ਮਿਲਦੀ।
ਕੈਬਿਨੇਟ ਮੰਤਰੀ ਚਰਨਜੀਤ ਚੰਨੀ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਿੱਚ ਹੋਈ ਤਕਰਾਰ ਨੂੰ ਕੁਲਤਾਰ ਸੰਧਵਾਂ ਨੇ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਮੰਤਰੀਆਂ ਦਾ ਆਪਸ ਦੇ ਵਿੱਚ ਇਸ ਤਰੀਕੇ ਬਹਿਸ ਕਰਨਾ ਚੰਗੀ ਗੱਲ ਨਹੀਂ ਹੈ ਲੋਕਾਂ ਨੂੰ ਪਤਾ ਲੱਗ ਗਿਆ ਹੈ ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ। ਸੁਮੈਧ ਸੈਣੀ ਵਾਲੇ ਕੇਸ 'ਤੇ ਕੈਪਟਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਸੰਧਵਾਂ ਨੇ ਕਿਹਾ ਕਿ ਸੁਮੇਧ ਸੈਣੀ ਸਾਫ ਤੌਰ ਤੇ ਮੁੱਖ ਮੰਤਰੀ ਦੇ ਵੱਲੋਂ ਬਚਾਇਆ ਗਿਆ ਹੈ।