ਮੋਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੇਹਾ ਸ਼ੌਰੀ ਕਤਲ ਮਾਮਲੇ ਦਾ ਜਾਂਚ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਨੂੰ ਸੌਂਪ ਦਿੱਤੀ ਹੈ। ਦੱਸ ਦਈਏ ਕਿ ਪੀੜਤ ਪਰਿਵਾਰ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਜਾਂਚ ਦਾ ਮਾਮਲਾ ਮੁਹਾਲੀ ਜ਼ਿਲੇ ਤੋਂ ਬਾਹਰ ਭੇਜਣ ਦੀ ਅਪੀਲ ਕੀਤੀ ਸੀ।
ਪੀੜਤ ਪਰਿਵਾਰ ਦੀ ਅਪੀਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੀ ਜ਼ਿੰਮੇਵਾਰੀ ਸੀਨੀਅਰ ਆਈ.ਪੀ.ਐਸ. ਅਧਿਕਾਰੀ ਪ੍ਰਬੋਧ ਕੁਮਾਰ ਨੂੰ ਸੌਂਪ ਦਿੱਤੀ ਹੈ। ਪ੍ਰਬੋਧ ਕੁਮਾਰ ਨੂੰ ਕਤਲ ਕੇਸਾਂ ’ਚ ਸੀ.ਬੀ.ਆਈ. ਵਿੱਚ ਕੰਮ ਕਰਨ ਦਾ 14 ਸਾਲਾਂ ਦਾ ਤਜ਼ੁਰਬਾ ਹੈ।
ਇੱਕ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਰੋਪੜ ਦੀ ਜ਼ਿਲ੍ਹਾ ਪੁਲਿਸ ਅਤੇ ਜ਼ਿਲਾ ਮੈਜਿਸਟ੍ਰੇਟ ਵੱਲੋਂ ਮੁਲਜ਼ਮ ਬਲਵਿੰਦਰ ਸਿੰਘ ਨੂੰ ਰਿਵਾਲਵਰ ਦਾ ਲਾਇਸੰਸ ਜਾਰੀ ਕਰਨ ਦੌਰਾਨ ਹੋਈ ਅਣਗਹਿਲੀ ਦੀ ਜਾਂਚ ਕਰਨ ਲਈ ਆਖਿਆ ਹੈ। ਇਸਦੇ ਨਾਲ ਹੀ ਰੋਪੜ ਦੇ ਹਥਿਆਰ ਡੀਲਰ ਵੱਲੋਂ ਮੁਲਜ਼ਮ ਨੂੰ ਵੇਚੇ ਹਥਿਆਰ ਦੀ ਜਾਂਚ ਵੀ ਕੀਤੀ ਜਾਵੇਗੀ।
ਨੇਹਾ ਸ਼ੌਰੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਸਭ ਕੁਝ ਇੱਕ ਸਾਜ਼ਿਸ਼ ਤਹਿਤ ਹੋਇਆ ਤੇ ਉਹ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਵਾਉਣ ਦੀ ਅਪੀਲ ਕਰਦੇ ਹਨ।
ਜ਼ਿਕਰਯੋਗ ਹੈ ਕਿ ਬੀਤੀ 29 ਮਾਰਚ ਨੂੰ ਖਰੜ ਦੀ ਫੌਰਾਂਸਿਕ ਲੈਬੋਰਟਰੀ ਵਿੱਚ ਤਾਇਨਾਤ ਮਹਿਲਾ ਡਰੱਗ ਇੰਸਪੈਕਟਰ ਨੂੰ ਦਫ਼ਤਰ ਵਿੱਚ ਹੀ ਇੱਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਸੀ। ਡਰੱਗ ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਉਕਤ ਵਿਅਕਤੀ ਨੇ ਆਪਣੇ ਸਿਰ ਅਤੇ ਛਾਤੀ ਵਿੱਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ।