ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਕਠੂਆ 'ਚ ਸੱਤ ਸਾਲਾ ਬੱਚੀ ਨਾਲ ਜਬਰ-ਜਨਾਹ ਦੇ ਮਾਮਲੇ 'ਚ ਮੁੱਖ ਦੋਸ਼ੀ ਪਰਵੇਸ਼ ਦੀ ਉਮਰ ਕੈਦ ਦੀ ਸਜ਼ਾ ਵਿਰੁੱਧ ਕੀਤੀ ਅਪੀਲ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਪਠਾਨਕੋਟ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵੱਲੋਂ ਲਗਾਏ ਗਏ 1 ਲੱਖ ਜ਼ੁਰਮਾਨੇ 'ਤੇ ਵੀ ਰੋਕ ਲਗਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਠਾਨਕੋਟ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਇਸ ਮਾਮਲੇ ਦੇ ਸੱਤ ਮੁਲਜ਼ਮਾਂ ਵਿੱਚੋਂ 6 ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਇਸ ਮਾਮਲੇ ਦੇ ਮੁੱਖ ਦੋਸ਼ੀ ਸਾਂਝੀ ਰਾਮ, ਪਰਵੇਸ਼ ਕੁਮਾਰ ਅਤੇ ਪੁਲਿਸ ਮੁਲਾਜ਼ਮ ਦੀਪਕ ਖਜੂਰੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਉੱਥੇ ਹੀ ਪੁਲਿਸ ਮੁਲਾਜ਼ਮ ਸੁਰੇਂਦਰ ਸ਼ਰਮਾ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਐੱਸਆਈ ਆਨੰਦ ਦੱਤਾ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਸਜ਼ਾ ਵਿਰੁੱਧ ਕਾਂਸਟੇਬਲ ਤਿਲਕ ਰਾਜ ਪਹਿਲਾਂ ਹੀ ਹਾਈ ਕੋਰਟ 'ਚ ਅਪੀਲ ਦਾਖਲ ਕਰ ਚੁੱਕਿਆ ਹੈ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ।
ਹੁਣ ਮੁੱਖ ਦੋਸ਼ੀ ਪਰਵੇਸ਼ ਨੇ ਵੀ ਰਾਹਤ ਦੀ ਅਪੀਲ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਸਜ਼ਾ ਨੂੰ ਚੁਣੌਤੀ ਦਿੱਤੀ ਹੈ। ਹਾਈਕੋਰਟ ਨੇ ਉਨ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਪੀਲ ਨੂੰ ਮਨਜ਼ੂਰ ਕਰ ਲਿਆ ਹੈ।