ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੇ ਪ੍ਰਚਾਰ ਦੌਰਾਣ ਪੰਜਾਬ ਕਾਂਗਰਸ ਦੇ ਦੋਫਾੜ ਹੋਣ ਦੀਆਂ ਖ਼ਬਰਾਂ ਹੁਣ ਪੁਖ਼ਤਾ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਸਿੱਧੂ ਕਈਂ ਦਿਨਾਂ ਤੋਂ ਹਾਈਕਮਾਂਡ ਨੂੰ ਮਿਲਣਾ ਚਾਹੁੰਦੇ ਸਨ ਪਰ ਅਜੇ ਤੱਕ ਇਸ ਬਾਬਕ ਕੁਝ ਸਾਹਮਣੇ ਨਹੀਂ ਆਇਆ ਹੈ।
ਅਫਵਾਹਾਂ ਦੇ ਬਜ਼ਾਰ 'ਚ ਸਿੱਧੂ ਨੂੰ ਹਾਈਕਮਾਂਡ ਵੱਲੋਂ ਤਲਬ ਕੀਤੇ ਜਾਣ ਦੀਆਂ ਕਨਸੋਆਂ ਹਨ, ਸੂਤਰਾਂ ਮੁਤਾਬਕ 23 ਮਈ ਨੂੰ ਨਤੀਜਿਆਂ ਤੋਂ ਬਾਅਦ ਸਿੱਧੂ 'ਤੇ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ।
ਹਾਲਾਂਕਿ ਹਾਈਕਮਾਂਡ ਨੇ ਕਿਸੇ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਮੰਗੀ ਪਰ ਖ਼ਬਰਾਂ ਮੁਤਾਬਕ ਸੂਬਾ ਕਾਂਗਰਸ ਇੱਕ ਰਿਪੋਰਟ ਬਣਾ ਕੇ ਆਸ਼ਾ ਕੁਮਾਰੀ ਨੂੰ ਸੌਂਪੋਗੀ ਜੋ ਅੱਗੇ ਭੇਜੀ ਜਾਵੇਗੀ।
ਜ਼ਿਕਰ ਕਰ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਬਠਿੰਡਾ ਅਤੇ ਗੁਰਦਾਸਪੁਰ ਰੈਲੀ ਦੌਰਾਨ ਕਿਹਾ ਸੀ ਕਿ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਅਤੇ ਫਰੈਂਡਲੀ ਮੈਚ ਖੇਡ ਰਹੇ ਹਨ। ਸਿੱਧੂ ਦੇ ਇਸ ਬਿਆਨ ਨੇ ਪੰਜਾਬ ਕਾਂਗਰਸ ਵਿੱਚ ਭੁਚਾਲ ਲਿਆ ਦਿੱਤਾ ਸੀ। ਸਿੱਧੂ ਦੇ ਇਹ ਬਿਆਨ ਕਿਤੇ ਨਾ ਕਿਤੇ ਸਿੱਧੂ ਦੀ ਕਾਂਗਰਸ ਨਾਲ ਬਗਾਵਤ ਨੂੰ ਦਰਸਾ ਰਹੇ ਸਨ।
ਸਿੱਧੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਨੇ ਸਿੱਧੂ ਵਿਰੁੱਧ ਮੋਰਚਾ ਖੋਲ ਦਿੱਤਾ ਹੈ। ਕਾਂਗਰਸ ਦੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਬ੍ਰਹਮ ਮਹਿੰਦਰਾ ਨੇ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਿੱਧੂ ਨੇ ਪਾਰਟੀ ਵਿਰੁੱਧ ਬੋਲ ਨੇ ਵੱਡਾ ਨੁਕਸਾਨ ਕੀਤਾ ਹੈ।
ਬੇਸ਼ੱਕ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਸਿੱਧੂ ਦੇ ਵਿਰੋਧ ਵਿੱਚ ਆ ਗਈ ਹੈ ਪਰ ਸਿੱਧੂ ਦੇ ਬਿਆਨ ਨੇ ਵਿਰੋਧੀਆਂ ਨੂੰ ਸਿੱਧੂ ਦੇ ਹੱਕ ਵਿੱਚ ਵੀ ਖੜ੍ਹਾ ਕਰ ਦਿੱਤਾ ਹੈ। ਪੰਜਾਬ ਏਕਤਾ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਨੇ ਸਿੱਧੂ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ। ਆਮ ਆਦਮੀ ਪਾਰਟੀ ਨੇ ਸਿੱਧੂ ਦੇ ਬਿਆਨ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਇਹ ਗੱਲ ਹੀ ਕੇਜਰੀਵਾਲ ਬੋਲ ਰਹੇ ਸੀ ਕਿ ਕਾਂਗਰਸ ਅਤੇ ਅਕਾਲੀ ਦਲ ਫਰੈਂਡਲੀ ਮੈਚ ਖੇਡ ਰਹੇ ਹਨ ਇਹ ਗੱਲ ਦਾ ਸੱਚ ਸਿੱਧੂ ਨੇ ਸਾਹਮਣੇ ਲਿਆਂਦਾ ਹੈ।