ਨਵੀਂ ਦਿੱਲੀ: ਭਾਰਤੀ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸਿਆਸਤ ਦੀ ਪਿੱਚ 'ਤੇ ਆਪਣੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਸਕਦੇ ਹਨ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸੰਜੈ ਪਾਸਵਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਬੱਲੇਬਾਜ਼ ਧੋਨੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।
ਪਾਸਵਾਨ ਨੇ ਕਿਹਾ ਕਿ ਇਸ ਸਬੰਧੀ ਧੋਨੀ ਨਾਲ ਬਹੁਤ ਸਮੋਂ ਤੋਂ ਗੱਲਬਾਤ ਚੱਲ ਰਹੀ ਹੈ, ਪਰ ਫ਼ੈਸਲਾ ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੀ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ 'ਸੰਪਰਕ ਫ਼ਾਰ ਸਮਰਥਨ' ਮੁਹਿੰਮ ਦੌਰਾਨ ਧੋਨੀ ਨਾਲ ਗੱਲਬਾਤ ਕੀਤੀ ਸੀ ਉਦੋਂ ਤੋਂ ਹੀ ਧੋਨੀ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਗੱਲ ਨੇ ਰਫ਼ਤਾਰ ਫੜ੍ਹੀ ਹੋਈ ਹੈ।
ਭਾਰਤੀ ਜਨਤਾ ਪਾਰਟੀ 'ਚ ਕ੍ਰਿਕਟ ਅਤੇ ਬਾਲੀਵੁੱਡ ਦੀ ਹਸਤੀਆਂ ਦੇ ਸ਼ਾਮਲ ਹੋਣ ਦਾ ਦੌਰ 2019 ਲੋਕ ਸਭਾ ਚੋਣਾਂ 'ਚ ਇੱਕ ਵੱਖਰੇ ਪੱਧਰ 'ਤੇ ਵੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਗੌਤਮ ਗੰਭੀਰ ਵੀ ਭਾਜਪਾ ਦਾ ਹੱਥ ਫੜ੍ਹ ਚੁੱਕੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ, ਕੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ- ਸ਼ੇਰ-ਏ-ਪੰਜਾਬ ਅਵਾਰਡ ਜੇਤੂ ਦੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ