ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਨੇ ਆਪਣੇ ਮੈਂਬਰਾਂ ਨਾਲ ਮਿਲ ਕੇ ਵਿਸ਼ੇਸ਼ ਬੈਠਕ ਕੀਤੀ। ਇਸ ਬੈਠਕ ਵਿੱਚ ਭਾਜਪਾ ਅਤੇ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਉੱਤੇ ਵਿਸ਼ੇਸ਼ ਚਰਚਾ ਕੀਤੀ।
ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੂਪਿੰਦਰ ਸਿੰਘ ਮਾਨ ਨੇ ਕਿਹਾ ਕਿ ਲੋਕਸਭਾ ਚੋਣਾਂ ਦੇ ਚਲਦੇ ਉਨ੍ਹਾਂ ਅਤੇ ਯੂਨੀਅਨ ਦੇ ਹੋਰਨਾਂ ਮੈਂਬਰਾਂ ਵੱਲੋਂ ਇਹ ਬੈਠਕ ਰੱਖੀ ਗਈ। ਇਸ ਬੈਠਕ ਵਿੱਚ ਦੋਹਾਂ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਚੋਣ ਮਨੋਰਥ ਪੱਤਰ ਕਿਸਾਨ ਹਿਤੈਸ਼ੀ ਹੋਵੇਗਾ ਯੂਨੀਅਨ ਉਸ ਦਾ ਹੀ ਸਾਥ ਦੇਵੇਗੀ।
ਉਨ੍ਹਾਂ ਦੱਸਿਆ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਕਿਸਾਨ ਹਿਤੈਸ਼ੀ ਲਗਾ ਹੈ। ਕਿਉਂਕਿ ਕਾਂਗਰਸ ਪਾਰਟੀ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਵਿੱਚ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਥਾਂ ਕਰਜ਼ਾ ਮੁਕਤੀ ਦੀ ਗੱਲ ਕਹੀ ਗਈ ਹੈ। ਭੂਪਿੰਦਰ ਸਿੰਘ ਨੇ ਵਿਜੈ ਮਾਲਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਵਿਜੈ ਮਾਲਿਆ ਦੇਸ਼ ਦੇ ਰੁਪਏ ਲੈ ਕੇ ਵਿਦੇਸ਼ ਭੱਜ ਗਿਆ ਹੈ ਦੂਜੇ ਪਾਸੇ ਜੇਕਰ ਇੱਕ ਗਰੀਬ ਕਿਸਾਨ ਕਰਜ਼ਾ ਮੋੜਨ ਵਿੱਚ ਅਸਮਰਥ ਹੁੰਦਾ ਹੈ ਤਾਂ ਉਸ ਉੱਤੇ ਫ਼ੌਜਦਾਰੀ ਦਾ ਕੇਸ ਬਣਾਇਆ ਜਾਂਦਾ ਹੈ ਜੋ ਕਿ ਸਰਾਸਰ ਗ਼ਲਤ ਹੈ। ਕਿਸਾਨ ਵੱਲੋਂ ਕਰਜ਼ਾ ਨਾ ਮੋੜਨ ਤੇ ਸਿਰਫ਼ ਸਿਵਲ ਕੇਸ ਹੀ ਬਣਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਵੇਂ ਸਰਕਾਰ ਰੇਲਵੇ ਲਈ ਅਲਗ ਬਜਟ ਤਿਆਰ ਕਰਦੀ ਹੈ ਉਂਝ ਹੀ ਸਰਕਾਰ ਨੂੰ ਖੇਤੀਬਾੜੀ ਨਾਲ ਸਬੰਧਤ ਵੱਖਰਾ ਬਜਟ ਬਣਾਉਣਾ ਚਾਹੀਦਾ ਹੈ।