ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਹਿਲਾਂ ਤੋਂ ਹੀ ਪੰਚਕੂਲਾ 'ਚ ਹੋਈ ਹਿੰਸਾ ਵਿਰੁੱਧ ਦਾਖ਼ਸ ਪਟੀਸ਼ਨ 'ਤੇ ਕਾਰਵਾਈ ਚੱਲ ਰਹੀ ਹੈ। ਇਸ ਪਟੀਸ਼ਨ 'ਚ ਬਦਲਾਅ ਇਹ ਆਇਆ ਹੈ ਕਿ ਇਸ ਪੂਰੇ ਮਾਮਲੇ 'ਚ ਐਸਆਈਟੀ 'ਤੇ ਗੰਭੀਰ ਦੋਸ਼ ਲੱਗਿਆ ਹੈ ਕਿ ਉਹ ਹਿੰਸਾ ਦੇ ਪੂਰੇ ਮਾਮਲੇ 'ਚ ਡੇਰਾ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪਟੀਸ਼ਨਰ ਨੇ ਕਿਹਾ ਹੈ ਕਿ ਪੰਚਕੂਲਾ 'ਚ ਹੋਈ ਹਿੰਸਾ ਤੋਂ ਬਾਅਦ ਫ਼ੜੇ ਗਏ ਲੋਕਾਂ ਨੇ ਪੁਲਿਸ ਅਤੇ ਅਦਾਲਤ 'ਚ ਇਹ ਕਿਹਾ ਸੀ ਕਿ ਹਿੰਸਾ ਡੇਰਾ ਮੁੱਖੀ ਦੇ ਇਸ਼ਾਰੇ 'ਤੇ ਕੀਤੀ ਗਈ ਸੀ। ਇਹ ਬਿਆਨ ਹੋਣ ਦੇ ਬਾਵਜੂਦ ਐਸਆਈਟੀ ਨੇ ਹਾਈਕੋਰਟ 'ਚ ਇਹ ਬਿਆਨ ਦਿੱਤਾ ਕਿ ਡੇਰਾ ਮੁੱਖੀ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਹਨ ਜਿਸ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਐਸਆਈਟੀ ਡੇਰਾ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਤੋਂ ਇਲਾਵਾ ਪਟੀਸ਼ਨਰ ਨੇ ਇਹ ਵੀ ਦੱਸਿਆ ਕਿ ਆਈ.ਜੀ. ਕੇ.ਕੇ ਰਾਵ ਨੇ ਇਨ੍ਹਾਂ ਹਿੰਸਕ ਘਟਨਾਵਾਂ ਦੇ ਪਿੱਛੇ ਦੀ ਸਾਜ਼ਿਸ਼ ਬਾਰੇ ਉਸ ਵੇਲੇ ਹੀ ਮੀਡੀਆ ਨੂੰ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਡੇਰਾ ਮੁੱਖੀ ੂਨੰ ਜਦੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਤਾਂ ਉਸ ਵੇਲੇ ਉਨ੍ਹਾਂ ਆਪਣੀ ਗੱਡੀ ਵਿੱਚੋਂ ਲਾਲ ਬੈਗ ਮੰਗਵਾਇਆ ਸੀ ਜੋ ਕਿ ਦੰਗਿਆਂ ਵੱਲ ਇਸ਼ਾਰਾ ਦੇ ਰਿਹਾ ਸੀ।
ਪਟੀਸ਼ਨਰ ਨੇ ਇਹ ਵੀ ਕਿਹਾ ਕਿ ਐਸਆਈਟੀ ਡੇਰਾ ਮੁੱਖੀ ਨੂੰ ਇਸ ਕਰਕੇ ਬਚਾ ਰਹੀ ਹੈ ਤਾਂ ਜੋ ਸਰਕਾਰ ਲੋਕ ਸਭਾ ਚੋਣਾਂ 'ਚ ਲਾਹਾ ਲੈ ਸਕੇ। ਦੱਸ ਦਈਏ ਇਸ ਪਟੀਸ਼ਨ ਦੀ ਅਗਲੀ ਸੁਣਵਾਈ ਹੁਣ 13 ਮਈ ਨੂੰ ਹਾਈ ਕੋਰਟ 'ਚ ਹੋਵੇਗੀ।