ਬਠਿੰਡਾ: ਨਸ਼ਾ ਵੇਚਣ ਦੇ ਸ਼ੱਕ 'ਚ ਇੱਕ ਨੌਜਵਾਨ ਨੂੰ ਫੜ੍ਹ ਕੇ ਉਸਦਾ ਮੂੰਹ ਕਾਲਾ ਕਰਨ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਗੈਂਗਸਟਰ ਕੁਲਬੀਰ ਅਤੇ ਸਰਪੰਚ ਸਣੇ ਚਾਰ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਬੇਸ਼ਕ ਅਜੇ ਤੱਕ ਪੁਲਿਸ ਨੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਪਰ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਅਨੁਸਾਰ ਮੁੱਢਲੀ ਜਾਂਚ ਵਿੱਚ ਕਿਸੇ ਕੋਲੋਂ ਵੀ ਨਸ਼ੇ ਦੀ ਕੋਈ ਚੀਜ਼ ਬਰਾਮਦ ਨਹੀਂ ਹੋਈ।
ਜਾਣਕਾਰੀ ਮੁਤਾਬਕ ਪਿੰਡ ਜੋਧਪੁਰ ਰੋਮਾਣਾ ਦਾ ਰਣਵੀਰ ਸਿੰਘ ਆਪਣੇ ਸਾਥੀਆਂ ਸਣੇ ਆਪਣੀ ਮਾਸੀ ਨੂੰ ਮਿਲਣ ਲਈ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਨਰੂਆਣਾ ਦੇ ਅੱਡੇ 'ਤੇ ਇੱਕ ਰੇਹੜੀ 'ਤੇ ਰੁਕਿਆ ਤਾਂ ਗੈਂਗਸਟਰ ਕੁਲਵੀਰ ਸਿੰਘ ਅਤੇ ਸਰਪੰਚ ਤੇਜਾ ਸਿੰਘ ਨੇ ਕੁੱਝ ਲੋਕਾਂ ਨਾਲ ਉਸ ਨੂੰ ਫੜ੍ਹ ਲਿਆ, ਜਿਨ੍ਹਾਂ ਨੇ ਉਸ 'ਤੇ ਦੋਸ਼ ਲਗਾਇਆ ਕਿ ਉਹ ਪਿੰਡ ਵਿੱਚ ਨਸ਼ਾ ਵੇਚ ਕੇ ਨੌਜਵਾਨਾਂ ਦੀ ਜ਼ਿੰਦਗੀ ਖ਼ਰਾਬ ਕਰ ਰਿਹਾ ਹੈ।
ਰਣਵੀਰ ਸਿੰਘ ਦੇ ਨਾਲ ਆਏ ਸਾਥੀ ਤਾਂ ਮੌਕੇ 'ਤੋਂ ਫ਼ਰਾਰ ਹੋ ਗਏ ਪਰ ਮੁਲਜ਼ਮ ਰਣਵੀਰ ਨੂੰ ਫੜ੍ਹ ਕੇ ਪਿੰਡ ਦੇ ਸਰਪੰਚ ਤੇਜਾ ਸਿੰਘ ਦੇ ਘਰ ਲੈ ਗਏ। ਉੱਥੇ ਉਨ੍ਹਾਂ ਨੇ ਉਸ ਨੂੰ ਨਸ਼ਾ ਵੇਚਣ ਵਾਲਾ ਬੋਲ ਕੇ ਮੂੰਹ ਕਾਲਾ ਕੀਤਾ ਅਤੇ ਵੀਡੀਓ ਬਣਾਈ ਜਿਸ ਨੂੰ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਅਜਿਹਾ ਕਰਕੇ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਰਣਵੀਰ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਗੈਂਗਸਟਰ ਕੁਲਵੀਰ ਸਿੰਘ ਅਤੇ ਸਰਪੰਚ ਤੇਜਾ ਸਿੰਘ ਤੋਂ ਇਲਾਵਾ ਕੋਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਮੁੱਢਲੀ ਜਾਂਚ ਵਿੱਚ ਨੌਜਵਾਨ ਕੋਲੋਂ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਮਿਲਿਆ। ਪਰ ਉਕਤ ਲੋਕਾਂ ਨੇ ਅਜਿਹੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਕਾਨੂੰਨ ਆਪਣੇ ਹੱਥ ਵਿੱਚ ਲਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਥਿਤੀ ਸਾਫ਼ ਹੋ ਸਕੇਗੀ।