ਬਠਿੰਡਾ: ਪੰਜਾਬ ਦੇ ਕਿਸਾਨ ਏਨੀ ਦਿਨੇ ਕੁਦਰਤੀ ਮਾਰਗ ਦੇ ਨਾਲ-ਨਾਲ ਮੌਸਮ ਵਿੱਚ ਆਈ ਤਬਦੀਲੀ ਨੇ ਕੱਖੋਂ ਹੋਲੇ ਕਰਕੇ ਰੱਖ ਦਿਤੇ ਹਨ। ਝੋਨੇ ਦੀ ਲਵਾਈ ਸਮੇਂ ਹੜ੍ਹਾਂ ਦੀ ਮਾਰ ਪੈਣ ਕਾਰਨ, ਜਿੱਥੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਝੋਨਾ ਬੁਰੀ ਤਰ੍ਹਾਂ ਤਬਾਹ ਹੋ ਗਿਆ, ਉੱਥੇ ਹੀ, ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ (Punjab Government On Peddy Crops) ਪਿਆ ਅਤੇ ਇਕ ਵਾਰ ਫਿਰ ਹੰਭਲਾ ਮਾਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਉੱਤੇ ਪੰਜਾਬ ਦੇ ਕਿਸਾਨਾਂ ਵੱਲੋਂ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਝੋਨੇ ਦੀ ਪੀਆਰ 126 ਦੀ ਕਿਸਮ ਲਾਉਣ ਲਈ ਕਿਹਾ ਗਿਆ।
ਫ਼ਸਲ ਨੂੰ ਲੱਗ ਰਹੀ ਬਿਮਾਰੀ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ 'ਤੇ ਪੀਆਰ 126 ਕਿਸਮ ਬੀਜਣ ਤੋਂ ਬਾਅਦ ਜਦੋਂ ਹੁਣ ਝੋਨੇ ਦੀ ਫ਼ਸਲ ਵਿੱਚ ਦਾਣਾ ਬਣਨਾ ਸ਼ੁਰੂ ਹੋਇਆ, ਤਾਂ ਇਸ ਨੂੰ ਪੱਤਾ ਲਪੇਟ ਨਾਮਕ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਝੋਨੇ ਦੇ ਝਾੜ ਉੱਤੇ ਵੱਡਾ ਅਸਰ ਪੈਣ ਦੇ ਆਸਾਰ ਪੈਦਾ ਹੋ ਗਏ ਹਨ। ਪਿੰਡ ਜੋਧਪੁਰ ਰੋਮਾਣਾ ਦੇ ਕਿਸਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ ਝੋਨੇ ਦੀ ਪੀਆਰ 126 ਦੀ ਕਿਸਮ ਦੀ ਬਿਜਾਈ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਕਿਸਮ ਘੱਟ ਸਮੇਂ ਵਿੱਚ ਤਿਆਰ ਹੁੰਦੀ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ, ਪਰ ਇਸ ਵਾਰ ਮੀਂਹ ਲੇਟ ਹੋਣ ਕਾਰਨ ਉਨ੍ਹਾਂ ਨੂੰ ਚਾਰ ਵਾਰ ਝੋਨੇ ਦੀ ਫਸਲ ਉੱਪਰ ਸਪਰੇਅ ਕਰਨੀ ਪਈ ਹੈ।
ਵਾਰ-ਵਾਰ ਸਪਰੇਅ ਕਰਨੀ ਪੈ ਰਹੀ: ਇੱਕ ਸਪਰੇਅ ਕਰਨ ਦੇ ਪ੍ਰਤੀ ਏਕੜ ਦੋ ਹਜ਼ਾਰ ਤੋਂ 2500 ਰੁਪਏ ਖ਼ਰਚਾ ਆਉਂਦਾ ਹੈ। ਪਰ, ਇਨ੍ਹਾਂ ਸਪਰੇਆਂ ਦੇ ਬਾਵਜੂਦ ਵੀ ਪੱਤਾ ਲਪੇਟ ਬਿਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਮੀਂਹ ਲੇਟ ਹੋਣ ਕਾਰਨ ਪੱਤਾ ਲਪੇਟ ਬਿਮਾਰੀ ਦਾ ਅਸਰ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਝੋਨੇ ਦੀ ਕੁਆਲਿਟੀ ਉੱਤੇ ਅਸਰ ਪਵੇਗਾ ਅਤੇ 20 ਤੋਂ 30 ਫੀਸਦੀ ਝੋਨੇ ਦਾ ਝਾੜ ਘੱਟ ਨਿਕਲੇਗਾ। ਜੇਕਰ ਸਮੇਂ ਸਿਰ ਮੀਂਹ ਪੈ ਜਾਣ, ਤਾਂ ਪੱਤਾ ਲਪੇਟ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਸੀ ਅਤੇ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ। ਸੁਖਜਿੰਦਰ ਸਿੰਘ ਨੇ ਕਿਹਾ ਕਿ ਪਿਛਲੀ ਵਾਰ 70 ਤੋਂ 80 ਮਣ ਝੋਨਾ ਇੱਕ ਏਕੜ ਵਿੱਚੋਂ ਨਿਕਲਿਆ ਸੀ, ਪਰ ਇਸ ਵਾਰ 50 ਤੋਂ 55 ਮਣ ਹੀ ਝੋਨਾ ਨਿਕਲਣ ਆਸਾਰ ਹਨ, ਕਿਉਂਕਿ ਪੱਤਾ ਲਪੇਟ (Patta Lapet) ਬਿਮਾਰੀ ਕਾਰਨ, ਜਿੱਥੇ ਦਾਣਾ ਕਮਜ਼ੋਰ ਹੋਵੇਗਾ। ਉੱਥੇ ਹੀ, ਫਸਲ ਬਰਬਾਦ ਹੋ ਜਾਵੇਗੀ ਜਿਸ ਕਾਰਨ ਮੰਡੀ ਵਿੱਚ ਵਪਾਰੀਆਂ ਨਾਲ ਵੱਖਰੀ ਬਹਿਸਬਾਜ਼ੀ ਕਰਨੀ ਪਵੇਗੀ।
ਮੌਸਮ ਨੇ ਫਸਲਾਂ 'ਤੇ ਵੱਡਾ ਅਸਰ ਪਾਇਆ : ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ 70 ਤੋਂ 80 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ 'ਤੇ ਜ਼ਮੀਨ ਲੈ ਕੇ 20 ਤੋਂ 25,000 ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ 'ਤੇ ਖ਼ਰਚਾ ਆਉਂਦਾ ਹੈ। ਪਰ, ਇਸ ਵਾਰ ਉਨ੍ਹਾਂ ਨੂੰ ਚਾਰ ਸਪਰੇਆਂ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਕਰਨੀਆਂ ਪਈਆਂ ਹਨ ਜਿਸ ਕਾਰਨ ਕਿਸਾਨਾਂ ਦਾ ਖ਼ਰਚਾ ਵੱਧ ਗਿਆ ਹੈ। ਪਰ, ਝਾੜ ਦੇ ਘਟਣ ਦੇ ਆਸਾਰ ਪੈਦਾ ਹੋ ਗਏ, ਉਨ੍ਹਾਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਮੌਸਮ ਦੀ ਮਾਰ ਕਾਰਨ ਇਸ ਵਾਰ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ।
ਪੰਜਾਬ ਵਿੱਚ ਇਸ ਵਾਰ ਹੜ੍ਹਾਂ ਦੇ ਨਾਲ-ਨਾਲ ਮੌਸਮ ਵਿੱਚ ਆਈ ਤਬਦੀਲੀ ਨੇ ਫਸਲਾਂ 'ਤੇ ਵੱਡਾ ਅਸਰ ਪਾਇਆ ਹੈ ਜਿਸ ਕਾਰਨ ਪੰਜਾਬ ਦਾ ਕਿਸਾਨ ਆਰਥਿਕ ਤੌਰ 'ਤੇ ਟੁੱਟ ਗਿਆ ਹੈ, ਕਿਉਂਕਿ ਕਈ ਵਾਰ ਝੋਨੇ ਦੀ ਲਵਾਈ ਦੇ ਨਾਲ-ਨਾਲ ਹੋਰ ਖ਼ਰਚਿਆਂ ਨੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ। ਸੋ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੌਕੇ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਬਾਂਹ ਫੜੇ।