ਬਠਿੰਡਾ: ਵੱਧ ਰਹੀ ਗਰਮੀ ਅਤੇ ਤੱਤੀਆਂ ਹਵਾਵਾਂ ਦੇ ਨਾਲ ਮੌਸਮ ਪੰਛੀਆਂ ਅਤੇ ਪਸ਼ੂਆਂ ਦੇ ਲਈ ਵੱਡੀ ਆਫਤ ਬਣਦਾ ਜਾ ਰਿਹਾ ਹੈ। ਅਪ੍ਰੈਲ ਦੇ ਮਹੀਨੇ ਵਿੱਚ ਭਾਵੇਂ ਇਸ ਵਾਰ ਗਰਮੀ ਤੋਂ ਥੋੜ੍ਹੀ ਰਾਹਤ ਰਹੀ ਪਰ ਮਹੀਨੇ ਦੇ ਅਖੀਰ ਵਿੱਚ ਆ ਕੇ ਗਰਮੀ ਨੇ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਗਰਮੀ ਦਾ ਅਸਰ ਮਨੁੱਖ ਦੇ ਨਾਲ-ਨਾਲ ਪਸ਼ੂ-ਪੰਛੀਆਂ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਗਰਮੀ ਦੇ ਇਸ ਪ੍ਰਕੋਪ ਕਾਰਨ ਕਈ ਪੰਛੀਆਂ ਦੀ ਮੌਤ ਵੀ ਹੋ ਰਹੀ। ਮਨੁੱਖ ਨੇ ਜ਼ਿੰਦਗੀ ਆਪਣੀ ਸੁੱਖ ਸੁਵਿਧਾ ਦੇ ਲਈ ਏ.ਸੀ ਅਤੇ ਠੰਡੇ ਪਾਣੀ ਦਾ ਇੰਤਜ਼ਾਮ ਕਰ ਲਿਆ ਹੈ ਪਰ ਭੱਜ-ਦੌੜ ਦੀ ਜ਼ਿੰਦਗੀ ਵਿਚ ਇਹਨਾਂ ਬੇਜ਼ੁਬਾਨ ਪੰਛੀਆਂ ਅਤੇ ਪਸ਼ੂਆਂ ਬਾਰੇ ਸ਼ਾਇਦ ਕੋਈ ਨਹੀਂ ਸੋਚਦਾ ।
ਪੰਛੀਆਂ ਦੇ ਲਈ ਪੀਣ ਦੇ ਪਾਣੀ ਦਾ ਇੰਤਜ਼ਾਮ: ਕੁਦਰਤ ਦੀ ਮਾਰ ਸਹਿ ਰਹੇ ਪੰਛੀਆਂ ਨੂੰ ਇੱਕ ਨਵੀਂ ਉਮੀਦ ਦੇਣ ਦਾ ਉਪਰਾਲਾ ਬਠਿੰਡਾ ਵਿੱਚ ਪੁਲਿਸ ਮੁਲਾਜ਼ਮ ਅਮਰੀਕ ਸਿੰਘ ਕਰ ਰਹੇ ਨੇ। ਅਮਰੀਕ ਸਿੰਘ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਤੇ ਪੰਛੀਆਂ ਦੇ ਲਈ ਪਾਣੀ ਦੇ ਕਟੋਰੇ ਭਰ ਕੇ ਰੱਖ ਰਹੇ ਹਨ। ਸਿਟੀ ਟ੍ਰੈਫਿਕ ਇੰਚਾਰਜ਼ ਅਮਰੀਕ ਸਿੰਘ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਤੇ ਡਿਊਟੀ ਦੌਰਾਨ ਪੰਛੀਆਂ ਦੇ ਲਈ ਪੀਣ ਦੇ ਪਾਣੀ ਦਾ ਇੰਤਜ਼ਾਮ ਕਰਦਿਆਂ ਮਿੱਟੀ ਦੇ ਭਾਂਡੇ ਰੱਖੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਸਮਾਜ ਸੇਵਾ ਨਾਲ ਜੁੜੇ ਹੋਣ ਕਾਰਨ ਲਗਾਤਾਰ ਅਜਿਹੇ ਉਪਰਾਲੇ ਕਰਦੇ ਰਹਿੰਦੇ ਹਨ।
ਗੱਡੀ ਵਿੱਚ ਮਿੱਟੀ ਦੇ ਭਾਂਡੇ: ਸਬ ਇੰਸਪੈਕਟਰ ਨੇ ਕਿਹਾ ਕਿ ਉਹ ਪੰਛੀਆਂ ਨੂੰ ਵੀ ਪਰਿਵਾਰ ਦੇ ਮੈਂਬਰ ਸਮਝਦੇ ਹਨ ਅਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਦੀ ਭੁੱਖ-ਪਿਆਸ ਦਾ ਖਿਆਲ ਰੱਖਦੇ ਹੋਏ ਆਪਣੇ ਡਿਊਟੀ ਦੌਰਾਨ ਹਰ ਇੱਕ ਉਪਰਾਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਡਿਊਟੀ ਦੌਰਾਨ ਹਰ ਸਮੇਂ ਉਹ ਆਪਣੀ ਗੱਡੀ ਵਿਚ ਮਿੱਟੀ ਦੇ ਭਾਂਡੇ ਰੱਖਦੇ ਹਨ ਤਾਂ ਕਿ ਜਿੱਥੇ ਵੀ ਥਾਂ ਮਿਲੇ ਪੰਛੀਆਂ ਲਈ ਪਾਣੀ ਅਤੇ ਭੋਜਨ ਦੀ ਵਿਵਸਥਾ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਮਿੱਟੀ ਦੇ ਭਾਂਡਾ 50 ਰੁਪਏ ਵਿੱਚ ਮਿਲ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋ ਆਪਣੀ ਗੱਡੀ ਵਿੱਚ ਵੀ ਪੀਣ ਦੇ ਪਾਣੀ ਦਾ ਪ੍ਰਬੰਧ ਰੱਖਦੇ ਹਨ ਤਾਂ ਕਿ ਜੇਕਰ ਪੰਛੀਆਂ ਦੇ ਮਿੱਟੀ ਦੇ ਭਾਂਡੇ ਖਾਲੀ ਹੋਣ ਤਾਂ ਫਿਰ ਤੋਂ ਭਰਕੇ ਰੱਖੇ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਉਨ੍ਹਾਂ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਸਹਿਯੋਗ ਮਿਲ ਰਿਹਾ ਹੈ ਅਤੇ ਸਾਰਿਆਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਟ੍ਰੈਫਿਕ ਪੁਲਿਸ ਦਾ ਕੰਮ ਸ਼ਹਿਰ ਵਿੱਚ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣਾ ਹੈ ਅਤੇ ਇਹ ਆਪਣੀ ਡਿਊਟੀ ਦੇ ਨਾਲ-ਨਾਲ ਇਸ ਕਾਰਜ ਨੂੰ ਨਿਭਾ ਰਹੇ ਹਨ। ਜਿੱਥੇ ਵੀ ਉਹ ਪਾਣੀ ਦਾ ਭਾਂਡਾ ਰੱਖਦੇ ਹਨ ਉੱਥੇ ਨੇੜੇ ਦੇ ਲੋਕਾਂ ਨੂੰ ਅਪੀਲ ਵੀ ਕਰਦੇ ਹਨ ਕਿ ਜਦੋਂ ਵੀ ਇਹ ਮਿੱਟੀ ਦਾ ਭਾਂਡਾ ਖਾਲੀ ਹੋ ਜਾਵੇ ਤਾਂ ਇਸ ਨੂੰ ਧੋ ਕੇ ਦੁਬਾਰਾ ਭਰਿਆ ਜਾਵੇ ਕਿਉਂਕਿ ਖੜ੍ਹੇ ਪਾਣੀ ਵਿਚ ਮੱਛਰ ਆਦਿ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਵੀ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਅੱਠਵੀਂ 'ਚ ਅੱਵਲ ਰਹੀਆਂ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਦੇਵੇਗੀ ਇਨਾਮ, ਸੀਐੱਮ ਮਾਨ ਨੇ ਕੀਤਾ ਐਲਾਨ