ਬਠਿੰਡਾ: ਜ਼ਿਲ੍ਹੇ ਵਿੱਚ ਕਿਸਾਨਾਂ ਦੁਆਰਾ ਲਗਾਤਾਰ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਕਾਰਨ ਬਠਿੰਡਾ ਦਾ ਵਾਤਾਵਰਣ ਕਾਫੀ ਦੂਸ਼ਿਤ ਹੋ ਚੁੱਕਿਆ ਹੈ ਤੇ ਆਮ ਲੋਕਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਲੋਕਾਂ ਦਾ ਸਾਹ ਤੱਕ ਲੈਣਾ ਔਖਾ ਹੋਇਆ ਪਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਜਲਾਉਣਾਂ ਉਨ੍ਹਾਂ ਦੀ ਮਜ਼ਬੂਰੀ ਹੈ ਜਿਸ ਕਰਕੇ ਉਹ ਪਰਾਲੀ ਨੂੰ ਅੱਗ ਲਗਾ ਰਹੇ ਹਨ। ਉੱਥੇ ਹੀ ਧੂੰਏਂ ਤੋਂ ਬਚਣ ਲਈ ਵਾਹਨ ਚਾਲਕ ਮੂੰਹ ਢੱਕ ਕੇ ਜਾਂਦੇ ਹੋਏ ਨਜ਼ਰ ਆਏ। ਸਿਵਲ ਹਸਪਤਾਲ ਦੇ ਡਾਕਟਰ ਸਤੀਸ਼ ਜਿੰਦਲ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਵਾਤਾਵਰਣ ਦਮਾ ਅਤੇ ਹੋਰ ਸਾਹ ਦੀ ਤਕਲੀਫ ਨੂੰ ਵਧਾ ਦਿੰਦਾ ਹੈ। ਹਾਰਟ ਦੇ ਮਰੀਜ਼ਾਂ ਨੂੰ ਵੀ ਕਾਫ਼ੀ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਇੱਥੇ ਦੱਸਣਾ ਲਾਜ਼ਮੀ ਹੈ ਕਿ ਬੇਸ਼ੱਕ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਵਾਰ-ਵਾਰ ਅਪੀਲ ਕਰ ਰਹੀ ਹੈ ਪਰ ਕਿਸਾਨ ਫਿਰ ਵੀ ਪਰਾਲੀ ਨੂੰ ਜਲਾ ਰਹੇ ਹਨ। ਪੁਲਿਸ ਵੱਲੋਂ ਹਰ ਤੱਕ ਕਿਸੇ ਵੀ ਕਿਸਾਨ ਉੱਤੇ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਉੱਥੇ ਹੀ ਇਸ ਵਾਰ ਵੀ ਪਿਛਲੇ ਸਾਲ ਦੀ ਤਰ੍ਹਾਂ ਮੌਸਮ ਕਾਫੀ ਖ਼ਰਾਬ ਹੋ ਚੁੱਕਿਆ ਹੈ। ਦਿਨ ਵੇਲ਼ੇ ਵੀ ਸਾਹ ਲੈਣਾ ਕਾਫੀ ਮੁਸ਼ਕਿਲ ਹੋ ਗਿਆ ਹੈ। ਸ਼ਹਿਰ ਵਾਸੀ ਪਰਾਲੀ ਦੇ ਧੂੰਏਂ ਤੋਂ ਕਾਫੀ ਪਰੇਸ਼ਾਨ ਹਨ ਅਤੇ ਵਾਹਨਾਂ ਨੂੰ ਦਿਨ ਵੇਲੇ ਹੀ ਲਾਈਟਾਂ ਜਲਾ ਕੇ ਸਫ਼ਰ ਕਰਨਾ ਪੈ ਰਿਹਾ ਹੈ।