ਬਠਿੰਡਾ: ਸ਼ਹਿਰ ਦੀ ਨਈਂ ਬਸਤੀ ਵਿੱਚ ਗਰੀਬ ਰੇਹੜੀ ਵਾਲਿਆਂ ਨਾਲ ਮਿਊਂਸੀਪਲ ਕਾਰਪੋਰੇਸ਼ਨ ਦੇ ਤਹਿਬਾਜ਼ਾਰੀ ਇੰਸਪੈਕਟਰ ਦੀ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਨੇ ਰੇਹੜੀ ਵਾਲਿਆਂ ਦਾ ਸਮਾਨ ਇੱਧਰ-ਉਧਰ ਸਿੱਟ ਦਿੱਤਾ ਅਤੇ ਉਨ੍ਹਾਂ ਰੇਹੜੀ ਵਾਲਿਆਂ ਨਾਲ ਮਾਰਕੁੱਟ ਵੀ ਕੀਤੀ। ਇਸ ਤੋਂ ਬਾਅਦ ਸਥਾਨਕ ਰੇਹੜੀ ਦਾ ਅੱਡਾ ਲਗਾਉਣ ਵਾਲੇ ਲੋਕਾਂ ਵੱਲੋਂ ਸੜਕ ਜਾਮ ਕਰਕੇ ਮਿਊਂਸੀਪਲ ਕਾਰਪੋਰੇਸ਼ਨ ਦੇ ਤਹਿਬਾਜ਼ਾਰੀ ਇੰਸਪੈਕਟਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੇਹੜੀ ਚਾਲਕਾਂ ਨੇ ਦੱਸਿਆ ਕਿ ਰਵਿੰਦਰ ਸਿੰਘ ਚੀਮਾ ਜੋ ਕਿ ਤਹਿਬਾਜ਼ਾਰੀ ਦਾ ਇੰਸਪੈਕਟਰ ਹੈ ਉਹ ਅੱਡੇ ਹਟਾਉਣ ਲਈ ਆਏ ਸੀ ਜਿਸ ਦੌਰਾਨ ਨਈਂ ਬਸਤੀ ਵਿੱਚ ਉਸ ਨੇ ਰੇਹੜੀ ਵਾਲਿਆਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਦਾ ਸਾਮਾਨ ਤੋੜਿਆ। ਉਨ੍ਹਾਂ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਆਪਣਾ ਰੁਜ਼ਗਾਰ ਉਸ ਜਗ੍ਹਾ 'ਤੇ ਕਰ ਰਹੇ ਹਨ ਅਤੇ ਆਪਣੇ ਪਰਿਵਾਰ ਚਲਾ ਰਹੇ ਹਨ।
ਇਸ ਦੌਰਾਨ ਰੇਹੜੀ ਚਾਲਕਾਂ ਵੱਲੋਂ ਨਈਂ ਬਸਤੀ ਦੀ ਸੜਕ ਜਾਮ ਕਰਕੇ ਮਿਊਂਸੀਪਲ ਕਾਰਪੋਰੇਸ਼ਨ ਦੇ ਤਹਿਬਾਜ਼ਾਰੀ ਇੰਸਪੈਕਟਰ ਰਵਿੰਦਰ ਸਿੰਘ ਚੀਮਾ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਆਪਣੇ ਰੁਜ਼ਗਾਰ ਨੂੰ ਬਰਕਰਾਰ ਰੱਖਣ ਦੀ ਮੰਗ ਵੀ ਕੀਤੀ ਗਈ।
ਇਹ ਵੀ ਪੜ੍ਹੋ: ਜੇਐਨਯੂ ਹਿੰਸਾ ਦੇ ਵਿਰੋਧ ਵਿੱਚ ਵੱਖ-ਵੱਖ ਥਾਵਾਂ 'ਤੇ ਹੋ ਰਿਹਾ ਹੈ ਪ੍ਰਦਰਸ਼ਨ
ਇਸ ਦੌਰਾਨ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਨੇ ਉਨ੍ਹਾਂ ਰੇਹੜੀ ਵਾਲਿਆਂ ਦੇ ਨਾਲ ਹੋਈ ਬਦਸਲੂਕੀ ਦੇ ਸਬੰਧ ਵਿੱਚ ਦੱਸਿਆ ਕਿ ਭਾਵੇਂ ਉਹ ਆਪਣਾ ਅੱਡਾ ਅਵੈਧ ਤਰੀਕੇ ਨਾਲ ਲਗਾ ਰਹੇ ਹਨ ਪਰ ਤਹਿਬਾਜ਼ਾਰੀ ਇੰਸਪੈਕਟਰ ਵੱਲੋਂ ਕੀਤੀ ਗਈ ਬਦਸਲੂਕੀ ਨਹੀਂ ਹੋਣੀ ਚਾਹੀਦੀ ਸੀ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।