ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦਾ ਅੱਜ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਲੰਬੀ ਵਿੱਚ ਅੰਤਿਮ ਸਸਕਾਰ ਹੋਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ਾਂ ਤੋਂ ਰਾਜਨੀਤੀ ਆਗੂ ਮੌਜੂਦ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਨੂੰ ਅਗਨ ਭੇਂਟ ਕੀਤੀ। ਇਸ ਦੌਰਾਨ ਸੁਖਬੀਰ ਬਾਦਲ ਤੇ ਉਸਦਾ ਪਰਿਵਾਰ ਭੁੱਬਾ ਮਾਰ-ਮਾਰ ਕੇ ਰੋਇਆ।
ਪਿੰਡ ਦੇ ਖੇਤਾਂ 'ਚ ਹੋਇਆ ਅੰਤਿਮ ਸੰਸਕਾਰ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਅੱਜ ਵੀਰਵਾਰ ਨੂੰ ਦੁਪਹਿਰ 3 ਵਜੇ ਦੇ ਕਰੀਬ ਉਹਨਾਂ ਦੇ ਜੱਦੀ ਪਿੰਡ ਲੰਬੀ ਵਿਖੇ ਹੋਇਆ। ਦੱਸ ਦਈਏ ਕਿ ਪਿੰਡ ਲੰਬੀ ਦੇ ਸ਼ਮਸ਼ਾਨਘਾਟ ਵਿੱਚ ਥਾਂ ਘੱਟ ਹੋਣ ਕਰਕੇ ਤੇ ਪਰਕਾਸ਼ ਸਿੰਘ ਬਾਦਲ ਦਾ ਖੇਤਾਂ ਨਾਲ ਪਿਆਰ ਹੋਣ ਕਰਕੇ ਉਹਨਾਂ ਦਾ ਸਸਕਾਰ ਪਿੰਡ ਦੇ ਖੇਤਾਂ ਵਿੱਚ ਕੀਤਾ ਗਿਆ। ਦੱਸ ਦਈਏ ਕਿ ਪਰਕਾਸ਼ ਸਿੰਘ ਬਾਦਲ ਦੇ ਸਸਕਾਰ ਲਈ ਬੁੱਧਵਾਰ ਨੂੂੰ 2 ਏਕੜ ਖੜ੍ਹੇ ਕਿੰਨੂ ਦੇ ਬਾਗ ਨੂੰ ਉਜਾੜ ਕੇ ਬਣਾਈ ਗਈ ਸੀ।
ਸਸਕਾਰ ਮੌਕੇ ਰਾਜਨੀਤੀ ਆਗੂ ਹਾਜ਼ਰ:- ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਇਲਾਵਾ ਹੋਰ ਵੀ ਰਾਜਨੀਤੀ ਆਗੂ ਹਾਜ਼ਰ ਸਨ।
'ਬਾਬਾ ਬੋਹੜ' ਦੀ ਯਾਦ 'ਚ ਬਣੇਗਾ ਯਾਦਗੀਰੀ ਸਮਾਰਕ:- ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਸਕਾਰ ਮੌਕੇ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਜਿਸ ਸਥਾਨ ਉੱਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਹੋਇਆ ਹੈ। ਉਸ ਸਥਾਨ ਉੱਤੇ ਉਹਨਾਂ ਦੀ ਯਾਦ ਵਿੱਚ ਇੱਕ ਯਾਦਗੀਰੀ ਸਮਾਰਕ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸਮਾਰਕ ਇਸ ਕਰਕੇ ਬਣਾਇਆ ਜਾਵੇਗਾ ਕਿ ਆਉਣ ਵਾਲੀ ਪੀੜ੍ਹੀ ਲਈ 'ਬਾਬਾ ਬੋਹੜ' ਪ੍ਰੇਰਣਾ ਸ੍ਰੋਤ ਬਣ ਸਕਣ।
ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਲਏ ਸੀ ਆਖਰੀ ਸਾਹ:- ਸਿਆਸਤ ਦੇ ਦਿੱਗਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ। ਬਾਬਾ ਬਾਦਲ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ। ਡਾਕਟਰ ਉਨ੍ਹਾਂ ਉਤੇ ਸਖ਼ਤ ਨਿਗਰਾਨੀ ਰੱਖ ਰਹੇ ਸਨ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੇ ਸਨ।
ਇਹ ਵੀ ਪੜੋ:- ਪਿੰਡ ਲੰਬੀ 'ਚ ਸਾਬਕਾ ਮੁੱਖ ਮੰਤਰੀ ਦਾ ਅੰਤਿਮ ਸਸਕਾਰ, ਸਸਕਾਰ ਵਾਲੀ ਥਾਂ 'ਤੇ ਬਣੇਗੀ ਯਾਦਗਾਰ