ਬਠਿੰਡਾ: ਸਰਕਾਰਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਬੀੜ੍ਹਾ ਚੁੱਕਿਆ ਸੀ। ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਬਦਾਲਅ ਵਾਲੀ ਸਰਕਾਰ ਸੱਤਾਂ 'ਚ ਲਿਆਉਂਦੀ ਸੀ, ਪਰ ਹੁਣ ਇਸ ਬਦਲਾਅ ਤੋਂ ਵੀ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਅਜਿਹੀ ਹੀ ਤਸਵੀਰ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਤੋਂ ਸਾਹਮਣੇ ਆਈ ਹੈ।
ਲੋਕਾਂ ਨੇ ਸਰਕਾਰ ਤੋਂ ਛੱਡੀ ਆਸ: ਇਸ ਪਿੰਡ ਦੇ ਲੋਕਾਂ ਨੇ ਬਦਲਾਅ ਵਾਲੀ ਸਰਕਾਰ ਤੋਂ ਵੀ ਆਸ ਛੱਡ ਦਿੱਤੀ ਹੈ, ਕਿਉਂਕਿ ਇਹ ਲੋਕ ਚਿੱਟੇ ਤੋਂ ਘਰਾਂ 'ਚ ਛਾਅ ਰਹੇ ਕਾਲੇ ਮਾਤਮ ਤੋਂ ਬੇਹੱਦ ਦੁਖੀ ਹੋ ਚੁੱਕੇ ਹਨ। ਇਸੇ ਲਈ ਹੁਣ ਇਸ ਪਿੰਡ ਦੇ ਵਾਸੀਆਂ ਨੇ ਖੁਦ ਇਕੱਠੇ ਹੋ ਕੇ ਆਪਣੀਆਂ ਨਸਲਾਂ ਨੂੰ ਬਚਾਉਣ ਦੀ ਠਾਣ ਲਈ ਹੈ ਤੇ ਖੁਦ ਉਪਰਾਲੇ ਕਰ ਰਹੇ ਹਨ।
ਪਿੰਡ ਦੇ ਲੋਕਾਂ ਨੇ ਬਣਾਈ ਕਮੇਟੀ: ਪਿੰਡ ਵਿੱਚ ਹੋ ਰਹੀਆਂ ਚੋਰੀਆਂ ਅਤੇ ਮੌਤਾਂ ਤੋਂ ਪਰੇਸ਼ਾਨ ਔਰਤਾਂ ਨੇ ਆਖਿਆ ਕਿ ਇੱਥੇ ਚਿੱਟਾ ਖੰਡ ਵਾਂਗ ਵਿਕਦਾ ਹੈ, ਪਰ ਕਿਸੇ ਦਾ ਕੋਈ ਧਿਆਨ ਨਹੀਂ। ਇਸ ਲਈ ਪਿੰਡ ਦੇ ਲੋਕਾਂ ਨੇ ਮਿਲ ਕੇ ਇੱਕ ਕਮੇਟੀ ਬਣਾਈ ਹੈ ਤਾਂ ਜੋ ਅਸੀਂ ਮਿਲ ਕੇ ਖੁਦ ਹੀ ਆਪਣੀ ਜਵਾਨੀ ਨੂੰ ਬਚਾ ਸਕੀਏ।
ਲੋਕਾਂ ਦੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ: ਉਧਰ ਦੂਜੇ ਪਾਸੇ ਪਿੰਡ ਦੀ ਕਮੇਟੀ ਦਾ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗਣ 'ਤੇ ਡੀਐਸਪੀ ਤਲਵੰਡੀ ਸਾਬੋ ਬੂਟਾ ਸਿੰਘ ਵੀ ਪਿੰਡ ਵਾਸੀਆਂ ਨਾਲ ਮੀਟਿੰਗ ਕਰਨ ਪੁੱਜੇ। ਜਿੰਨਾ ਦੇ ਸਾਹਮਣੇ ਪਿੰਡ ਵਾਸੀਆਂ ਨੇ ਪਿੰਡ ਵਿੱਚ ਨਸੇ ਵਿਕਣ ਬਾਰੇ ਖੱੁਲ੍ਹ ਸਾਰੀਆਂ ਗੱਲ੍ਹਾਂ ਦਾ ਜ਼ਿਕਰ ਕੀਤਾ। ਜਿੰਨਾ ਨੂੰ ਪੁਲਸ ਅਧਿਕਾਰੀਆਂ ਨੇ ਸੁਣਨ ਤੋਂ ਬਾਅਦ ਮੰਨਿਆਂ ਕਿ ਲੋਕਾਂ ਲਈ ਨਸ਼ੇ ਵੱਡੀ ਮੁਸ਼ਕਿਲ ਬਣੇ ਹੋਏ ਹਨ ਪਰ ਪੰਜਾਬ ਪੁਲਿਸ ਇਹਨਾਂ ਦੀ ਮਦਦ ਲਈ ਤਿਆਰ ਹੈ ਅਤੇ ਇਸ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰੇ ਯਤਨ ਕੀਤੇ ਜਾਣਗੇ।