ਬਠਿੰਡਾ: ਪਿਛਲੇ 24 ਘੰਟਿਆਂ ਦੌਰਾਨ ਪਏ ਤੇਜ਼ ਮੀਂਹ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਹ ਬਰਸਾਤ ਲੋਕਾਂ ਲਈ ਵੱਡੀਆਂ ਪਰੇਸ਼ਾਨੀਆਂ ਵੀ ਲੈ ਕੇ ਆਈ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਰਿਹਾ ਹੈ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਘਰਾਂ ਅਤੇ ਦੁਕਾਨਾਂ ਦਾ ਕੀਮਤੀ ਸਮਾਨ ਖ਼ਰਾਬ ਹੋ ਰਿਆ ਹੈ। ਬਠਿੰਡਾ ਸ੍ਰੀ ਮੁਕਤਸਰ ਸਾਹਿਬ ਹਾਈਵੇ ਉੱਤੇ ਸਥਿਤ ਪਿੰਡ ਦਿਉਣ ਦੇ ਲੋਕਾਂ ਲਈ ਇਹ ਬਰਸਾਤ ਮੁਸ਼ਕਲਾਂ ਲੈਕੇ ਆਈ ਹੈ। ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੇ ਘਰਾਂ ਅਤੇ ਗਲੀਆਂ ਵਿਚ ਕਈ ਕਈ ਫ਼ੁੱਟ ਪਾਣੀ ਖੜ੍ਹਾ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਪਿੰਡ ਵਾਲਿਆਂ ਨੇ ਲਾਇਆ ਜਾਮ: ਪਾਣੀ ਦੀ ਨਿਕਾਸੀ ਕਰਵਾਉਣ ਲਈ ਪਿੰਡ ਵਾਸੀਆਂ ਵੱਲੋਂ ਅੱਜ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਜਾਮ ਲਗਾ ਕੇ ਜ਼ਿਲਾ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਸ਼ਨਕਾਰੀ ਰਾਮ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਚੌਵੀ ਘੰਟਿਆ ਦੌਰਾਨ ਹੋਈ ਬਰਸਾਤ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੀਆਂ ਗਲੀਆ ਅਤੇ ਘਰਾਂ ਵਿੱਚ ਮੀਂਹ ਦਾ ਪਾਣੀ ਇਕੱਠਾ ਹੋ ਗਿਆ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਮਕਾਨਾਂ ਨੂੰ ਤਰੇੜਾਂ ਆ ਗਈਆਂ ਹਨ ਅਤੇ ਇਹ ਗੰਦਾ ਪਾਣੀ ਟੈਂਕੀ ਦੇ ਵਿੱਚ ਵੀ ਪੈ ਰਿਹਾ ਹੈ, ਜਿਸ ਕਾਰਨ ਵੱਡੀ ਪੱਧਰ ਉੱਤੇ ਬੀਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸ਼ਨ ਵੱਲੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਹੈ, ਇਹ ਸੜਕ ਇਸੇ ਤਰਾਂ ਜਾਮ ਰਹੇਗੀ।
ਉੱਧਰ, ਲੁਧਿਆਣਾ ਦੇ ਸਾਹਨੇਵਾਲ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਦੂਰ ਦਰਿਆ ਦੇ ਨੇੜੇ ਲਗਦੇ ਹਨ, ਉਥੇ ਵੀ ਪਾਣੀ ਦੀ ਮਾਰ ਪਈ ਹੈ, ਸਾਹਨੇਵਾਲ ਤੋਂ ਹਲਕੇ ਦੇ ਵਿਧਾਇਕ ਹਰਦੀਪ ਸਿੰਘ ਵੱਲੋਂ ਅੱਜ ਆਪਣੇ ਇਲਾਕੇ ਦਾ ਦੌਰਾ ਕੀਤਾ ਗਿਆ ਅਤੇ ਦਰਿਆ ਦੇ ਨੇੜੇ ਤੇੜੇ ਦੇ ਪਿੰਡਾਂ ਦਾ ਜਾਇਜ਼ਾ ਲਿਆ ਗਿਆ। ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਸਤਲੁਜ ਦਰਿਆ ਦੇ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਦਾ ਵੀ ਮੁਲਾਂਕਣ ਕੀਤਾ ਗਿਆ ਅਤੇ ਨਾਲ ਹੀ ਨਹਿਰੀ ਵਿਭਾਗ ਦੇ ਨੁਮਾਇੰਦੇ ਅਤੇ ਦੇ ਨਾਲ ਵੀ ਐੱਮਐੱਲਏ ਵੱਲੋਂ ਗੱਲਬਾਤ ਕੀਤੀ ਗਈ। ਅਫ਼ਸਰਾਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਅਤੇ 24 ਘੰਟੇ ਤੈਨਾਤ ਰਹਿਣ ਲਈ ਕਿਹਾ ਹੈ। ਇਸੇ ਤਰ੍ਹਾਂ ਪੰਜਾਬ ਅਤੇ ਗੁਆਂਢੀ ਸੂਬੇ ਹਿਮਾਚਲ ਵੀ ਭਾਰੀ ਮੀਂਹ ਪੈ ਰਿਹਾ ਹੈ ਅਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਕਾਰਨ ਸਤਲੁਜ ਦਰਿਆ ਅਤੇ ਹਿਮਾਚਲ ਤੋਂ ਆਉਣ ਵਾਲੇ ਸਵਾਂ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਪੰਜਾਬ ਦੇ ਦਰਜਨਾਂ ਪਿੰਡਾਂ ਵਿੱਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ, ਜਿਸ ਕਾਰਨ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪ੍ਰਸ਼ਾਸ਼ਨ ਖੁਦ ਇਸ ਦੀ ਨਿਗਰਾਨੀ ਕਰ ਰਹੇ ਹਨ।