ਬਠਿੰਡਾ: ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਵਰਕਰਾਂ 'ਤੇ ਪੁਲਿਸ ਨੇ 2015 ਵਿੱਚ ਰੈਲੀ ਦੌਰਾਨ ਖੇਤੀਬਾੜੀ ਦਫ਼ਤਰ ਦੀ ਭੰਨ ਤੋੜ ਕਰਨ 'ਤੇ ਮਾਮਲਾ ਦਰਜ ਕੀਤਾ ਸੀ। ਉਸ ਦੀਆਂ ਲਗਾਤਾਰ ਬਠਿੰਡਾ ਦੀ ਅਦਾਲਤ ਵਿਚ ਤਰੀਕਾਂ ਪੈ ਰਹੀਆਂ ਸਨ ਅਤੇ ਸ਼ਨੀਵਾਰ ਨੂੰ ਪੇਸ਼ੀ 'ਤੇ ਰਵਨੀਤ ਬਿੱਟੂ ਅਤੇ ਕਾਂਗਰਸੀ ਵਰਕਰ ਹਾਜ਼ਰ ਹੋਏ ਅਤੇ ਅਦਾਲਤ ਨੇ ਜਿੰਨਾ ਸਮਾਂ ਚਲਾਨ ਨਹੀਂ ਪੇਸ਼ ਹੁੰਦਾ ਉਦੋਂ ਤੱਕ ਉਨ੍ਹਾਂ ਨੂੰ ਪੇਸ਼ੀ 'ਤੇ ਹਾਜ਼ਰ ਹੋਣ ਤੋਂ ਛੋਟ ਦਿੱਤੀ ਹੈ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਕਿਸਾਨਾਂ ਨਾਲ ਹੋ ਰਹੇ ਧੱਕੇ ਕਾਰਨ ਉਨ੍ਹਾਂ ਵੱਲੋਂ ਰੈਲੀ ਕੱਢੀ ਗਈ ਸੀ ਜਿਸ ਵਿੱਚ ਉਨ੍ਹਾਂ ਦੀ ਪੁਲਿਸ ਨਾਲ ਵਰਕਰਾਂ ਦੀ ਝੜਪ ਹੋ ਗਈ ਸੀ ਅਤੇ ਉਨ੍ਹਾਂ 'ਤੇ ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕੁੱਝ ਮਾਮਲੇ ਤਾਂ ਖ਼ਤਮ ਹੋ ਗਏ ਹਨ ਅਤੇ ਸਾਨੂੰ ਅਦਾਲਤ 'ਤੇ ਵਿਸ਼ਵਾਸ ਹੈ ਕਿ ਇਸ ਮਾਮਲੇ ਵਿੱਚ ਵੀ ਸਾਨੂੰ ਇਨਸਾਫ਼ ਮਿਲੇਗਾ ਕਿਉਂਕਿ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇਹ ਸਭ ਕੀਤਾ ਸੀ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ 'ਚ ਸਤਾਏ ਘੱਟਗਿਣਤੀਆਂ ਨਾਲ ਹਮਦਰਦੀ: ਹਰਸਿਮਰਤ ਕੌਰ
ਬਿੱਟੂ ਨੇ ਕਿਹਾ ਕਿ ਜੋ ਅਸੀਂ ਵੋਟਾਂ ਵੇਲੇ ਵਾਅਦੇ ਕੀਤੇ ਸਨ ਉਹ ਪੂਰੇ ਕਰਨ ਵਿੱਚ ਸਾਡੇ ਕੋਲ ਅਜੇ 2 ਸਾਲ ਬਾਕੀ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਜੀਐਸਟੀ ਨਾ ਦਿੱਤੇ ਜਾਣ ਕਰਕੇ ਹੀ ਸੂਬਾ ਸਰਕਾਰ ਨੂੰ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਕਾਲੀ ਦਲ ਅਤੇ ਸੁਖਬੀਰ ਬਾਦਲ ਬਾਰੇ ਬੋਲਦਿਆਂ ਬਿੱਟੂ ਨੇ ਕਿਹਾ ਕਿ ਉਹ ਤਾਂ ਡਰਾਮੇਬਾਜ਼ ਹਨ। ਉਨ੍ਹਾਂ ਤੋਂ ਆਪਣੀ ਪਾਰਟੀ ਤਾਂ ਸਾਂਭ ਨਹੀਂ ਹੁੰਦੀ ਤੇ ਹੁਣ ਧਰਨੇ ਲਾ ਕੇ ਡਰਾਮੇ ਕਰ ਰਹੇ ਹਨ।