ਬਠਿੰਡਾ: ਖ਼ਾਲਸਾ ਸਾਜਣਾ ਦਿਵਸ ਸਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਦਸਤਾਰਾਂ ਦਾ ਕੈਂਪ ਲਗਾਇਆ ਗਿਆ। ਇਹ ਕੈਂਪ ਬਾਬਾ ਫਤਹਿ ਸਿੰਘ ਦਸਤਾਰੇ ਖਾਲਸਾ ਟਰੱਸਟ ਵੱਲੋਂ ਪਿਛਲੇ 10 ਸਾਲਾਂ ਤੋਂ ਦਸਤਾਰਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਹੀਰਾ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਪਤਿਤ ਹੋ ਰਹੀ ਜਵਾਨੀ ਨੂੰ ਮੁੜ ਦਸਤਾਰਾਂ ਨਾਲ ਜੋੜਣ ਲਈ ਇਹ ਕੈਂਪ ਲਗਾਇਆ ਗਿਆ।
10 ਸਾਲਾਂ ਤੋਂ ਲਾਇਆ ਜਾ ਰਿਹਾ ਕੈਂਪ : ਇਸ ਦੌਰਾਨ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਨੌਜਵਾਨਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਜਾਂਦਾ ਹੈ, ਆਖਰ ਕਿਵੇਂ ਸਾਡੇ ਗੁਰੂਆਂ ਨੇ ਇਸ ਦਸਤਾਰ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਜਿਥੇ ਉਨ੍ਹਾਂ ਨੂੰ ਪੁਰਾਣੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ, ਉਥੇ ਹੀ ਜੋ ਨੌਜਵਾਨ ਕੇਸ ਰੱਖਣ ਦਾ ਪ੍ਰਣ ਕਰਦਾ ਹੈ ਉਸ ਨੂੰ ਦਸਤਾਰ ਭੇਟ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਟਰੱਸਟ ਵੱਲੋਂ ਇਹ ਦਸਤਾਰ ਦਾ ਲੰਗਰ ਲਗਾਤਾਰ ਲਾਇਆ ਜਾ ਰਿਹਾ ਹੈ। ਉਨ੍ਹਾਂ ਕੋਲ ਛੋਟੇ-ਛੋਟੇ ਬੱਚਿਆਂ ਤੋਂ ਇਲਾਵਾ ਵੱਡੀ ਉਮਰ ਦੇ ਲੋਕ ਵੀ ਦਸਤਾਰਬੰਦੀ ਕਰਵਾਉਣ ਲਈ ਆਉਂਦੇ ਹਨ।
ਇਹ ਵੀ ਪੜ੍ਹੋ : Bhagwant mann: ਭਗਵੰਤ ਮਾਨ ਨੇ 9ਵਾਂ ਟੋਲ ਪਲਾਜ਼ਾ ਕਰਵਾਇਆ ਬੰਦ, ਕਿਹਾ- ਨਹੀਂ ਹੋਣ ਦਿੱਤੀ ਜਾਵੇਗੀ ਲੋਕਾਂ ਦੀ ਲੁੱਟ
ਗੁਰੂਆਂ ਦੇ ਉਪਦੇਸ਼ਾਂ ਉਤੇ ਚੱਲਣ ਲਈ ਪ੍ਰੇਰਿਆ : ਉਨ੍ਹਾਂ ਕਿਹਾ ਕਿ ਸਾਡਾ ਵਡਮੁੱਲਾ ਇਤਿਹਾਸ ਹੈ, ਜਿਸ ਵਿੱਚ ਦਸਤਾਰ ਦੀ ਇਕ ਵੱਖਰੀ ਮਹੱਤਤਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦਸਤਾਰ ਸਜਾਉਣ ਅਤੇ ਗੁਰੂਆਂ ਵੱਲੋਂ ਦਿੱਤੇ ਗਏ ਉਪਦੇਸ਼ਾਂ ਦੀ ਪਾਲਣਾ ਕਰਨ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨ ਬੱਚਿਆਂ ਵੱਲੋਂ ਇਸ ਕੈਂਪ ਦੌਰਾਨ ਦਸਤਾਰਾਂ ਸਜਾਈਆਂ ਗਈਆਂ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਮਦਦ ਦੇ ਇਲਜ਼ਾਮ 'ਚ ਦੋ ਸਕੇ ਭਰਾ ਗ੍ਰਿਫ਼ਤਾਰ, ਪਿੰਡ ਵਾਸੀਆਂ ਅਤੇ ਪਰਿਵਾਰ ਨੇ ਪੁਲਿਸ 'ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ
ਨੌਜਵਾਨਾਂ ਨੂੰ ਸਿੱਖੀ ਪ੍ਰਤੀ ਕੀਤਾ ਜਾਂਦੈ ਜਾਗਰੂਕ : ਦੱਸ ਦਈਏ ਕਿ ਖਾਲਸਾ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਸਤਾਰਾਂ ਦਾ ਲੰਗਰ ਲਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਸਿੱਖੀ ਪ੍ਰਤੀ ਜਾਗਰੂਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਸਿੱਖੀ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ। ਨੌਜਵਾਨਾਂ ਦੇ ਬਾਣੀ ਕੰਠ ਮੁਕਾਬਲੇ ਕਰਵਾਏ ਜਾਂਦੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਵਡਮੁੱਲੇ ਇਤਿਹਾਸ ਨਾਲ ਜੁੜੀ ਰਹਿ ਸਕੇ। ਇਸ ਮੌਕੇ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਖਾਲਸਾ ਸਾਜਨਾ ਦਿਵਸ ਮੌਕੇ ਨੌਜਵਾਨ ਲੜਕੇ-ਲੜਕੀਆਂ ਦੇ ਬਾਣੀ ਕੰਠ ਮੁਕਾਬਲੇ ਕਰਵਾਏ ਜਾਂਦੇ ਹਨ ਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਂਦੀ ਹੈ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬਾਕੀ ਬੱਚਿਆਂ ਦਾ ਵੀ ਉਤਸ਼ਾਹ ਵਧਾਉਣ ਲਈ ਇਨਾਮ ਵੰਡੇ ਜਾਂਦੇ ਹਨ, ਤਾਂ ਜੋ ਉਹ ਬਾਣੀ ਦੇ ਨਾਲ ਨਾਲ ਆਪਣੇ ਇਤਿਹਾਸ ਨਾਲ ਵੀ ਜੁੜੇ ਰਹਿਣ।