ਤਲਵੰਡੀ ਸਾਬੋ: ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਉੱਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਲਾਂਘਾ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾ ਵਿੱਚ ਸ਼ਾਂਤੀ ਸਥਾਪਤ ਕਰਨ ਦਾ ਮੀਲ ਪੱਥਰ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਰ ਇਹ ਮੰਦਭਾਗਾ ਹੈ ਕਿ ਇਸ ਲਾਂਘੇ ਨੂੰ ਕੋਰੋਨਾ ਦੇ ਨਾਂਅ ਉੱਤੇ ਬੰਦ ਕੀਤਾ ਹੋਇਆ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਜਦੋਂ ਭਾਰਤ ਸਰਕਾਰ ਨੇ ਕੋਰੋਨਾ ਸਮੇਂ ਬੰਦ ਕੀਤੇ ਸਾਰੇ ਧਾਰਮਿਕ ਅਸਥਾਨਾਂ ਨੂੰ ਖੋਲ ਦਿੱਤਾ ਹੈ ਤਾਂ ਹੁਣ ਪਹਿਲਕਦਮੀ ਕਰਦੇ ਹੋਏ ਭਾਰਤ ਸਰਕਾਰ ਨੂੰ ਵੀ ਕਰਤਾਰਪੁਰ ਲਾਂਘਾ ਖੋਲ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਗੁਰਪੁਰਵ ਵੀ ਨੇੜੇ ਹੈ ਉਸ ਮੌਕੇ ਲਾਂਘਾ ਜ਼ਰੂਰ ਖੁੱਲਣਾ ਚਾਹੀਦਾ ਹੈ।
ਜਥੇਦਾਰ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਇੱਕ ਹਾਈਵੇ ਦਾ ਨਿਰਮਾਣ ਕਰ ਰਹੀ ਹੈ ਤਾਂਕਿ ਭਾਰਤ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕਰਕੇ ਸ਼ਾਮ ਨੂੰ ਵਾਪਸ ਭਾਰਤ ਪਰਤ ਸਕੇ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਸੰਗਤ ਲਈ ਬਹੁਤ ਚੰਗਾ ਹੋਵੇਗਾ।