ਬਠਿੰਡਾ: ਪੰਜਾਬ ਵਿੱਚ ਕੁਦਰਤੀ ਆਫਤ ਹੜ੍ਹਾਂ ਨੇ ਹਰ ਕਿਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਕਰਕੇ ਪੰਜਾਬ ਦੇ ਮੁੱਖ ਕੀਤੇ ਖੇਤੀਬਾੜੀ ਪ੍ਰਭਾਵ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਕਰਕੇ ਆਰਥਿਕ ਮੰਦੀ ਦੀ ਵੀ ਸੰਭਾਵਨਾ ਬਣੀ ਹੋਈ ਹੈ। ਇਸ ਵਿਚਾਲੇ ਹਰ ਕੋਈ ਆਪਣੇ ਵਲੋਂ ਬਣਦੀ ਸੰਭਵ ਸਹਾਇਤਾ ਹੜ੍ਹ ਪੀੜਤ ਲੋਕਾਂ ਦੀ ਕਰ ਰਿਹਾ ਹੈ ਜਿਸ ਦੀ ਇੱਕ ਮਿਸਾਲ ਬਠਿੰਡਾ ਤੋਂ ਸਾਹਮਣੇ ਆਈ ਹੈ।
ਹੜ੍ਹ ਪੀੜਿਤਾਂ ਕਿਸਾਨਾਂ ਲਈ ਰਾਹਤ ਦੀ ਖ਼ਬਰ: ਬਠਿੰਡਾ ਦੇ ਮਾਨਸਾ ਰੋਡ ਉੱਤੇ ਸਥਿਤ ਜੱਸੀ ਪੌ ਵਾਲੀ ਪਿੰਡ ਵਿੱਚ ਕਿਸਾਨ ਵਲੋਂ ਆਪਣੀ ਇਕ ਏਕੜ ਜ਼ਮੀਨ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਹੜ੍ਹ ਪੀੜਿਤ ਕਿਸਾਨਾਂ ਲਈ ਝੋਨੇ ਦੀ ਪਨੀਰੀ ਤਿਆਰ ਕੀਤੀ ਜਾ ਰਹੀ ਹੈ। ਪਿੰਡ ਦੇ ਉੱਦਮੀ ਕਿਸਾਨ ਪਰਮਿੰਦਰ ਸਿੰਘ ਅਤੇ ਪਿੰਡ ਵਾਸੀ ਗੁਰਮੀਤ ਸਿੰਘ ਵੱਲੋਂ ਇਹ ਸਾਂਝਾ ਉਪਰਾਲਾ ਕੀਤਾ ਗਿਆ ਹੈ।
ਪਰਮਿੰਦਰ ਸਿੰਘ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਝੋਨੇ ਦੀ 126 ਝੋਨੇ ਦੀ ਪਨੀਰੀ ਤਿਆਰ ਕੀਤੀ ਜਾ ਰਹੀ ਹੈ। ਇਹ ਝੋਨੇ ਦੀ ਕਿਸਮ 20 ਤੋਂ 25 ਦਿਨਾਂ ਵਿੱਚ ਲਵਾਈ ਲਈ ਤਿਆਰ ਹੋ ਜਾਂਦੀ ਹੈ। ਉਦੋਂ ਤੱਕ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਪਾਣੀ ਦਾ ਪੱਧਰ ਨੀਵਾਂ ਹੋਵੇਗਾ ਅਤੇ ਢੁਕਵੇਂ ਸਮੇਂ ਦੀ ਬਿਜਾਈ ਹੋਵੇਗੀ, ਤਾਂ ਹੜ੍ਹ ਪੀੜਤ ਕਿਸਾਨਾਂ ਨੂੰ ਮੁੜ ਝੋਨੇ ਦੀ ਫਸਲ ਬੀਜਣ ਕੋਈ ਦਿੱਕਤ ਨਹੀਂ ਆਵੇਗੀ।
ਪਿੰਡ ਦੇ ਹੋਰ ਕਿਸਾਨ ਵੀ ਮਦਦ ਲਈ ਅੱਗੇ ਆਏ: ਪਿੰਡ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਦੇ ਕਿਸਾਨ ਵੱਡੀ ਮੁਸੀਬਤ ਵਿੱਚ ਹਨ। ਇਹ ਸਮਾਂ ਉਨ੍ਹਾਂ ਦੇ ਨਾਲ ਖੜ੍ਹਨ ਦਾ ਹੈ, ਪਰ ਅਫਸੋਸ ਕਈ ਸਿਆਸਤਦਾਨ ਅਜਿਹੇ ਮੌਕੇ 'ਤੇ ਤਸਵੀਰਾਂ ਖਿੱਚਵਾ ਕੇ ਸਿਆਸਤ ਕਰ ਰਹੇ ਹਨ। ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ੁਰੂਆਤੀ ਤੌਰ ਉੱਤੇ ਝੋਨੇ ਦੀ ਪਨੀਰੀ ਇੱਕ ਏਕੜ ਵਿੱਚ ਲਗਾਈ ਗਈ ਹੈ। ਇਸ ਇੱਕ ਏਕੜ ਪਨੀਰੀ ਨਾਲ 100 ਤੋਂ 150 ਏਕੜ ਜ਼ਮੀਨ ਵਿੱਚ ਝੋਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਸਾਡੇ ਇਸ ਉਪਰਾਲੇ ਨੂੰ ਵੇਖਦੇ ਹੋਏ ਸਾਡੇ ਹੀ ਪਿੰਡ ਦੇ ਕਈ ਕਿਸਾਨ ਅੱਗੇ ਆ ਰਹੇ ਹਨ। ਉਨ੍ਹਾਂ ਵੱਲੋਂ ਹੋਰ ਪਨੀਰੀ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਦੇ ਕਿਸਾਨਾਂ ਵੱਲੋਂ ਬੀਜ ਮੁਹੱਈਆ ਕਰਵਾਉਣ ਅਤੇ ਲਗਵਾਈ ਵਿੱਚ ਵੀ ਹੱਥ ਵੰਡਾਇਆ ਜਾ ਰਿਹਾ ਹੈ।
ਸਰਕਾਰ ਤੇ ਹੋਰ ਪਿੰਡ ਵਾਸੀਆਂ ਨੂੰ ਅਪੀਲ: ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਤੇ ਪ੍ਰਸ਼ਾਸ਼ਨ ਨੂੰ ਅਪੀਲ ਹੈ ਕਿ ਹੜ੍ਹ ਪੀੜ੍ਹਿਤ ਕਿਸਾਨਾਂ ਤੱਕ ਝੋਨੇ ਦੀ ਪਨੀਰੀ ਪਹੁੰਚਾਉਣ ਲਈ ਸਾਧਨ ਮੁਹੱਈਆ ਕਰਵਾਏ ਜਾਣ, ਤਾਂ ਜੋ ਜ਼ਰੂਰਤਮੰਦਾਂ ਕਿਸਾਨਾਂ ਤੱਕ ਇਹ ਪਨੀਰੀ ਪਹੁੰਚਾਈ ਜਾ ਸਕੇ। ਇਸ ਦੇ ਨਾਲ ਹੀ ਗੁਰਮੀਤ ਸਿੰਘ ਨੇ ਦੂਜੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਭੁੱਖੇ ਪਸ਼ੂਆਂ ਲਈ ਆਪਣੇ ਖੇਤਾਂ ਵਿੱਚ ਹਰਾ ਨਿਰਾ ਬੀਜਣਾ ਚਾਹੀਦਾ ਹੈ, ਤਾਂ ਜੋ ਹੜ੍ਹ ਪੀੜਿਤ ਲੋਕਾਂ ਲਈ ਹਰ ਸੰਭਵ ਕੋਸ਼ਿਸ਼ ਕਰਕੇ ਇਨਸਾਨੀਅਤ ਅਤੇ ਪੰਜਾਬੀਅਤ ਦੀ ਮਿਸਾਲ ਕਾਇਮ ਕੀਤੀ ਜਾ ਸਕੇ। ਅੱਜ ਸਾਨੂੰ ਇਸ ਮੁਸ਼ਕਿਲ ਘੜੀ ਵਿੱਚ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਜ਼ਰੂਰਤ ਹੈ।
ਇੱਥੇ ਦੱਸਣਯੋਗ ਹੈ ਕਿ ਹੜ੍ਹਾਂ ਕਾਰਨ ਪੰਜਾਬ ਦੇ ਕਰੀਬ ਡੇਢ ਦਰਜਨ ਜ਼ਿਲ੍ਹੇ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਕਈ ਕਈ ਫੁੱਟ ਪਾਣੀ ਭਰਨ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ। ਇਨ੍ਹਾਂ ਕਿਸਾਨਾਂ ਦੀ ਮਦਦ ਲਈ ਮਾਲਵੇ ਜ਼ਿਲ੍ਹੇ ਦੇ ਕਈ ਇਲਾਕੇ ਜਿੱਥੇ ਹੜ੍ਹ ਦਾ ਪ੍ਰਭਾਵ ਨਹੀਂ ਪਿਆ, ਦੇ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਲਗਾਈ ਜਾ ਰਹੀ ਹੈ, ਤਾਂ ਜੋ ਹੜ੍ਹ ਪੀੜ੍ਹਿਤ ਕਿਸਾਨਾਂ ਨੂੰ ਪਾਣੀ ਦਾ ਪੱਧਰ ਨੀਵਾਂ ਹੋਣ ਉੱਤੇ ਉਪਲਬਧ ਕਰਾਈ ਜਾ ਸਕੇ। ਉਹ ਇਸ ਪਨੀਰੀ ਨੂੰ ਵੇਚ ਕੇ ਮੁੜ ਝੋਨੇ ਦੀ ਫ਼ਸਲ ਦੀ ਪੈਦਾਵਾਰ ਕਰ ਸਕਣਗੇ। ਪਨੀਰੀ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਵੱਲੋਂ ਸਰਕਾਰ ਨੂੰ ਸਿਰਫ਼ ਇਕੋ ਅਪੀਲ ਕੀਤੀ ਜਾ ਰਹੀ ਹੈ ਕਿ ਹੜ੍ਹ ਪੀੜਿਤ ਕਿਸਾਨਾਂ ਤੱਕ ਇਹ ਪਨੀਰੀ ਪਹੁੰਚਾਉਣ ਲਈ ਸਾਧਨ ਉਪਲਬਧ ਕਰਾਏ ਜਾਣ, ਤਾਂ ਜੋ ਸਮੇਂ ਸਿਰ ਪਨੀਰੀ ਦੀ ਵਜਾਦ ਹੜ੍ਹ ਪੀੜਤ ਕਿਸਾਨ ਕਰ ਸਕਣ।