ਬਠਿੰਡਾ: ਅੱਜ ਕੱਲ੍ਹ ਦੀ ਤੇਜ਼-ਰਫ਼ਤਾਰ ਜ਼ਿੰਦਗੀ ਵਿੱਚ ਆਮ ਤੌਰ ਉੱਤੇ ਲੋਕਾਂ ਵੱਲੋਂ ਅਜਿਹੀਆਂ ਖਾਣ ਪੀਣ ਦੀਆਂ ਵਸਤੂਆਂ ਦੀ ਵਰਤੋਂ ਕੀਤੀ ਜਾਂਦੀ ਹੈ, ਘੱਟ ਸਮੇਂ ਵਿੱਚ ਤਿਆਰ ਹੋ ਸਕਣ, ਪਰ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਖਾਣ-ਪੀਣ ਵਾਲੀਆ ਵਸਤਾਂ ਮਨੁੱਖੀ ਸਿਹਤ ਲਈ ਕਾਫ਼ੀ ਖ਼ਤਰਨਾਕ ਹੁੰਦੀਆਂ ਹਨ। ਬਠਿੰਡਾ ਵਿੱਚ ਮਿਲਟਸ ਮੇਨ ਵਜੋਂ ਜਾਣੇ ਜਾਂਦੇ ਰਾਕੇਸ਼ ਨਰੂਲਾ ਵੱਲੋਂ ਮੋਟੇ ਅਨਾਜ ਤੋਂ ਫਾਸਟ ਫੂਡ ਤਿਆਰ ਕਰਨ ਲਈ ਵੱਖਰਾ ਉਪਰਾਲਾ ਕੀਤਾ ਗਿਆ ਹੈ, ਤਾਂ ਜੋ ਫਾਸਟ ਫੂਡ ਵਿੱਚ ਵਰਤੋਂ ਵਿੱਚ ਲਿਆਂਦੇ ਜਾਂਦੇ ਮੈਦੇ ਤੋਂ ਲੋਕਾਂ ਨੂੰ ਛੁਟਕਾਰਾ ਦਿਲਾਇਆ ਜਾ ਸਕੇ ਅਤੇ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਮੈਦਾ ਸਿਹਤ ਲਈ ਹਾਨੀਕਾਰਕ: ਮਿਲਟਸ ਮੈਨ ਰਾਕੇਸ਼ ਨਰੂਲਾ ਨੇ ਕਿਹਾ ਕਿ ਫਾਸਟਫੂਡ ਵਿੱਚ ਵੱਡੀ ਪੱਧਰ ਉੱਤੇ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਮਨੁੱਖੀ ਸਿਹਤ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਬਠਿੰਡਾ ਦੇ ਮਹੇਸ਼ਵਰੀ ਚੌਂਕ ਨੇੜੇ ਇਕ ਰੈਸਟੋਰੈਂਟ ਮਾਲਕ ਜਸਦੀਪ ਸਿੰਘ ਗਰੇਵਾਲ ਨਾਲ ਸੰਪਰਕ ਕਰਕੇ ਰਾਕੇਸ਼ ਨਰੂਲਾ ਵੱਲੋਂ ਮੋਟੇ ਅਨਾਜ ਤੋਂ ਪੀਜ਼ਾ ਬੇਸ ਤਿਆਰ ਕਰਨ ਦਾ ਉਪਰਾਲਾ ਕੀਤਾ ਗਿਆ, ਜੋ ਕਿ ਸਫਲ ਰਿਹਾ ਹੈ। ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
ਪਹਿਲਾਂ ਆਟੇ ਦਾ ਪੀਜ਼ਾ ਬੇਸ ਤਿਆਰ ਕੀਤਾ ਗਿਆ: ਰੈਸਟੋਰੈਂਟ ਚਲਾ ਰਹੇ ਜਸਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਇਹ ਰੈਸਟੋਰੈਂਟ ਖੋਲ੍ਹਿਆ ਗਿਆ ਸੀ, ਤਾਂ ਇਹ ਵਿਚਾਰ ਕੀਤਾ ਗਿਆ ਸੀ ਕਿ ਲੋਕਾਂ ਨੂੰ ਵਧੀਆ ਤੇ ਪੌਸ਼ਟਿਕ ਖਾਣ ਪੀਣ ਦੀਆਂ ਵਸਤਾਂ ਉਪਲਬੱਧ ਕਰਾਈਆ ਜਾਣ, ਪਰ ਮਾਰਕੀਟ ਵਿੱਚ ਪੀਜ਼ੇ ਦਾ ਬੇਸ ਰੇਡੀਮੇਡ, ਜੋ ਕਿ ਮੈਦੇ ਦਾ ਬਣਿਆ ਹੁੰਦਾ ਸੀ, ਉਹੀ ਮਿਲਦਾ ਹੈ। ਉਨ੍ਹਾਂ ਵੱਲੋਂ ਮੈਦੇ ਦਾ ਬਦਲ ਲੱਭਿਆ ਗਿਆ ਅਤੇ ਸਭ ਤੋਂ ਪਹਿਲਾਂ ਆਟੇ ਦਾ ਪੀਜ਼ਾ ਬੇਸ ਤਿਆਰ ਕੀਤਾ ਗਿਆ, ਜੋ ਕਿ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਹ ਖਾਣ ਵਿੱਚ ਸਵਾਦ ਹੋਣ ਦੇ ਨਾਲ-ਨਾਲ ਆਮ ਮਨੁੱਖ ਦੀ ਸਿਹਤ ਲਈ ਕਾਫੀ ਲਾਹੇਵੰਦ ਹੈ।
ਹੁਣ ਮੋਟੇ ਅਨਾਜ ਨਾਲ ਬਣਿਆ ਪੀਜ਼ਾ ਬੇਸ ਵੀ ਸਫ਼ਲ ਹੋਇਆ: ਜਸਦੀਪ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ, ਮਿਲਟਸ ਮੇਨ ਰਾਕੇਸ਼ ਨਰੂਲਾ ਜੀ ਦੀ ਪ੍ਰੇਰਨਾ ਸਦਕਾ ਉਨ੍ਹਾਂ ਵੱਲੋਂ ਮੋਟੇ ਅਨਾਜ, ਕੰਗਨੀ, ਕੋਧਰਾ ਅਤੇ ਬਾਜਰਾ ਰਾਹੀਂ ਫਾਸਟ ਫੂਡ ਤਿਆਰ ਕਰਨ ਦਾ ਮਨ ਬਣਾਇਆ ਗਿਆ ਅਤੇ ਤਿੰਨ ਮਹੀਨਿਆਂ ਦੀ ਮਿਹਨਤ ਨਾਲ ਉਨ੍ਹਾਂ ਵੱਲੋਂ ਮੋਟੇ ਅਨਾਜ ਨਾਲ ਪੀਜ਼ੇ ਦਾ ਹੈਲਥੀ ਬੇਸ ਤਿਆਰ ਕੀਤਾ ਗਿਆ। ਪੀਜਾ ਬੇਸ ਨਾਲ ਤਿਆਰ ਕੀਤੇ ਫਾਸਟ ਫੂਡ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਕਿਉਂਕਿ ਇਕ ਤਾਂ ਇਸ ਨੂੰ ਤਿਆਰ ਕਰਨ ਲਈ ਸਭ ਕੁਝ ਤਾਜ਼ਾ ਬਣਾਉਣਾ ਪੈਂਦਾ, ਦੂਜਾ ਇਸ ਵਿੱਚ ਸਭ ਕੁੱਝ ਤਾਜ਼ਾ ਮੈਟੀਰੀਅਲ ਦੀ ਵਰਤੋਂ ਹੋਣ ਕਾਰਨ ਇਸ ਦਾ ਰੈਡੀਮੇਟ ਪੀਜ਼ਾ ਬੇਸ ਨਾਲੋਂ ਸੁਆਦ ਵੱਖਰਾ ਹੁੰਦਾ ਹੈ, ਜੋ ਕਿ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
ਮੈਦਾ ਕਈ ਭਿਆਨਕ ਬਿਮਾਰੀਆਂ ਦੀ ਜੜ੍ਹ: ਜਸਦੀਪ ਨੇ ਦੱਸਿਆ ਕਿ ਆਮ ਤੌਰ ਉੱਤੇ ਜੋ ਪੀਜ਼ਾ ਲੋਕ ਖਾਂਦੇ ਹਨ, ਉਸ ਵਿੱਚ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਮੈਦੇ ਨਾਲ ਬਣੀਆਂ ਹੋਈਆਂ ਚੀਜਾਂ ਕਾਰਨ ਮਨੁੱਖ ਨੂੰ ਮਾਈਗ੍ਰੇਨ, ਮੋਟਾਪਾ ਅਤੇ ਸ਼ੂਗਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ, ਪਰ ਉਨ੍ਹਾਂ ਵੱਲੋਂ ਤਿਆਰ ਕੀਤੇ ਹੈਲਥੀ ਪੀਜ਼ੇ ਜਿੱਥੇ ਲੋਕਾਂ ਦਾ ਫਾਸਟ ਫੂਡ ਖਾਣ ਦਾ ਚਾਅ ਪੂਰਾ ਕਰਦਾ ਹੈ, ਉੱਥੇ ਹੀ ਉਨ੍ਹਾਂ ਨੂੰ ਸਿਹਤਮੰਦ ਵੀ ਰੱਖਣਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਉਹ ਹੋਰ ਮਿਲਟਸ ਪੀਜ਼ਾ ਤੇ ਬਰਗਰ ਵੀ ਤਿਆਰ ਕਰਨਗੇ।