ਬਠਿੰਡਾ : ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਕੱਢਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਖੇਤੀਬਾੜੀ ਵਿਭਾਗ ਰਾਹੀਂ ਕਈ ਤਰ੍ਹਾਂ ਦੀਆਂ ਫਸਲਾਂ ਸਬੰਧੀ ਪ੍ਰਚਾਰ ਕਰਵਾਇਆ ਗਿਆ। ਝੋਨੇ ਹੇਠੋਂ ਰਕਬਾ ਘਟਾਉਣ ਲਈ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਪੱਧਰ ਉੱਤੇ ਮੂੰਗੀ ਬੀਜਣ ਦੀ ਹਦਾਇਤ ਕੀਤੀ ਗਈ ਸੀ ਅਤੇ ਸਰਕਾਰ ਵੱਲੋਂ ਮੂੰਗੀ ਦੀ ਫਸਲ ਐਮ ਐਸ ਪੀ ਤੇ ਖਰੀਦੇਗੀ ਸੀ ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਇਆ ਸੀ ਅਤੇ ਉਹਨਾਂ ਵੱਲੋਂ ਝੋਨਾ ਨਾ ਬੀਜਕੇ ਮੂੰਗੀ ਦੀ ਫਸਲ ਨੂੰ ਤਰਜੀਹ ਦਿੱਤੀ ਗਈ ਸੀ ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਨਰਮਾ ਪੱਟੀ ਵਿਚ ਕਿਸਾਨਾਂ ਨੂੰ ਮੂੰਗੀ ਨਾ ਬੀਜਣ ਦੀ ਹਦਾਇਤ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਨਵੇਂ ਫ਼ਰਮਾਨਾ ਕਾਰਨ ਕਿਸਾਨ ਦੁਚਿੱਤੀ ਵਿੱਚ ਹਨ। ਉੱਥੇ ਹੀ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਬੇਲੋੜੀਆਂ ਪਬੰਦੀਆਂ ਲਾਉਣ ਦੀ ਗੱਲ ਆਖੀ ਜਾ ਰਹੀ ਹੈ।
ਚਿੱਟੀ ਮੱਖੀ ਨਾਲ ਨੁਕਸਾਨ : ਬਠਿੰਡਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਦਿਲਬਾਗ ਸਿੰਘ ਹੀਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਸਾ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜੋ ਕਿ ਨਰਮਾ ਪੱਟੀ ਨਾਲ ਸਬੰਧਤ ਹਨ ਵਿੱਚ ਮੂੰਗੀ ਦੀ ਕਾਸ਼ਤ ਨਾ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਰਮਾ ਪੱਟੀ ਵਿਚ ਲੰਘੇ ਵਰ੍ਹੇ ਸਭ ਤੋਂ ਵੱਧ ਨੁਕਸਾਨ ਚਿੱਟੀ ਮੱਖੀ ਦੁਆਰਾ ਕੀਤਾ ਗਿਆ ਅਤੇ ਇਹ ਚਿੱਟੀ ਮੱਖੀ ਮੂੰਗੀ ਦੀ ਫਸਲ ਕਾਰਨ ਵਧਣ-ਫੁੱਲਣ ਵਿੱਚ ਕਾਮਯਾਬ ਹੋਈ। ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਸਰਦੀਆਂ ਵਿੱਚ ਜਿਉਂਦੀ ਰਹਿੰਦੀ ਹੈ ਅਤੇ ਗਰਮੀਆਂ ਸ਼ੁਰੂ ਹੋਣ ਤੇ ਵੱਧਣਾ ਫੁੱਲਣਾ ਸ਼ੁਰੂ ਕਰਦੀ ਹੈ। ਚਿੱਟੀ ਮੱਖੀ ਨਦੀਨ ਕੰਘੀ ਬੂਟੀ ਭੰਗ ਧਤੂਰਾ ਆਦਿ ਤੇ ਤੇਜ਼ੀ ਨਾਲ ਵਧਦੀ ਫੁੱਲਦੀ ਹੈ ਚਿੱਟੀ ਮੱਖੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਜਨਵਰੀ ਤੋਂ ਹੀ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ ਅਤੇ ਚਿੱਟੀ ਮੱਖੀ ਨੂੰ ਪਾਲਣ ਵਾਲੇ ਬੂਟਿਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਨਸ਼ਟ ਕੀਤਾ ਜਾਂਦਾ ਹੈ। ਪਰ ਮੂੰਗੀ ਦੀ ਫਸਲ ਤੇ ਚਿੱਟੀ ਮੱਖੀ ਨੂੰ ਵਧਣ-ਫੁਲਣ ਵਿੱਚ ਸਭ ਤੋਂ ਵੱਧ ਸਹਾਈ ਹੁੰਦੀ ਹੈ।
ਕਿਸਾਨਾਂ ਨੂੰ ਅਰਥਿਕ ਨੁਕਸਾਨ : ਉਨ੍ਹਾਂ ਦੱਸਿਆ ਕਿ ਮੂੰਗੀ ਦੀ ਫਸਲ ਫਰਵਰੀ ਮਹੀਨੇ ਵਿੱਚ ਬੀਜੀ ਜਾਂਦੀ ਹੈ ਅਤੇ ਜਦੋਂ ਨਰਮੇ ਦੀ ਫਸਲ ਉੱਗਣ ਲੱਗਦੀ ਹੈ ਤਾਂ ਚਿੱਟੀ ਮੱਖੀ ਦੀ ਫਸਲ ਤੋਂ ਉੱਡ ਕੇ ਨਰਮੇ ਦੀ ਫਸਲ ਦਾ ਨੁਕਸਾਨ ਕਰਦੀ ਹੈ ਜੋਕਿ ਬਾਅਦ ਵਿਚ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਚਿੱਟੀ ਮੱਖੀ ਨੂੰ ਪਨਾਹ ਦੇਣ ਵਾਲੀ ਮੁਰਗੀ ਦੀ ਫਸਲ ਨਾ ਬੀਜੀ ਜਾਵੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਮੂੰਗੀ ਦੀ ਫਸਲ ਨਾ ਬੀਜਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿਚ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜਿਥੇ ਵੀ ਨਰਮੇ ਦੀ ਫਸਲ ਬੀਜੀ ਗਈ ਹੈ ਉਸਦੇ ਆਲੇ-ਦੁਆਲੇ ਨੂੰ ਵੀ ਦੀ ਫਸਲ ਬੀਜਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਕਿਸਾਨਾਂ ਉੱਤੇ ਬੇਲੋੜੀ ਪਾਬੰਦੀ : ਸਰਕਾਰ ਵੱਲੋਂ ਮੂੰਗੀ ਦੀ ਫ਼ਸਲ ਨਾ ਬੀਜੇ ਜਾਣ ਦੀ ਹਦਾਇਤ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਰਜਿੰਦਰ ਸਿੰਘ ਬੰਗੀ ਨੇ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਣ ਲਈ ਮੂੰਗੀ ਦੀ ਕਾਸ਼ਤ ਕਰਵਾਈ ਗਈ ਅਤੇ ਐਮਐਸਪੀ ਦਿੱਤੀ ਗਈ ਪਰ ਇਸ ਵਾਰ ਮੂੰਗੀ ਦੀ ਕਾਸ਼ਤ ਨਾ ਕਰਨ ਦੀ ਦਿੱਤੀ ਹਦਾਇਤ ਬੇਲੋੜੀ ਪਾਬੰਦੀ ਹੈ। ਕਿਉਂਕਿ ਕਿਸਾਨ ਪਹਿਲਾਂ ਹੀ ਹਾੜ੍ਹੀ ਦੀ ਫ਼ਸਲ ਦੌਰਾਨ ਵੱਡਾ ਨੁਕਸਾਨ ਝੱਲ ਚੁੱਕੇ ਹਨ ਅਤੇ ਨਰਮੇ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਸਹੀ ਬੀਜ ਵੀ ਉਪਲਬਧ ਨਹੀਂ ਕਰਵਾਏ ਜਾ ਰਹੇ ਜਿਸ ਕਾਰਨ ਹਰ ਸਾਲ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਨਾਲ ਨਰਮੇ ਦੀ ਫਸਲ ਬਰਬਾਦ ਹੋ ਰਹੀ ਹੈ।ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਸਹੀ ਬੀਜ ਅਤੇ ਫਸਲਾਂ ਦੇ ਐਮਐਸਪੀ ਦੇਵੇ
ਮਾਰਕੀਟ ਕਮੇਟੀ ਬਠਿੰਡਾ ਵੱਲੋਂ ਪਿਛਲੇ ਸਾਲ 1189 ਕੁਇੰਟਲ ਮੂੰਗੀ ਦੀ ਫਸਲ ਦੀ ਖਰੀਦ ਕੀਤੀ ਗਈ ਸੀ ਅਤੇ ਪ੍ਰਾਈਵੇਟ ਖਰੀਦਦਾ ਵੱਲੋਂ 38 ਕੁਇੰਟਲ ਮੂੰਗੀ ਦੀ ਖਰੀਦ ਕੀਤੀ ਗਈ ਸੀ। ਸਰਕਾਰ ਵੱਲੋਂ ਮੂੰਗੀ ਦੀ ਫ਼ਸਲ ਪ੍ਰਤੀ ਕੁਇੰਟਲ 7275 ਰੁਪਏ ਵਿਚ ਖਰੀਦ ਕੀਤੀ ਗਈ ਸੀ ਜਦੋਂ ਕਿ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਮੂੰਗੀ ਦੀ ਫਸਲ 4576 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤੀ ਗਈ ਸੀ।