ਬਠਿੰਡਾ : ਕੇਂਦਰ ਸਰਕਾਰ ਨੇ ਅੱਜ ਸਾਲ 2023-24 ਦਾ ਬਜਟ ਪੇਸ਼ ਕੀਤਾ ਹੈ। ਜਿਸ ਤੋ ਕਿਸਾਨ ਨਾਖੁਸ਼ ਨਜ਼ਰ ਆ ਰਹੇ ਹਨ। ਕਿਸਾਨਾਂ ਦੀਆਂ ਉਮੀਦਾਂ ਉਤੇ ਖਰਾ ਉਤਰਨ ਲਈ ਖਜਾਨਾ ਮੰਤਰੀ ਨੇ ਕਈ ਕਦਮ ਚੁੱਕੇ ਸੀ ਪਰ ਫਿਰ ਵੀ ਇਹ ਬਜਟ ਕਿਸਾਨਾਂ ਦੀ ਨਜ਼ਰ ਵਿੱਚ ਕੁਝ ਖਾਸ ਨਹੀਂ ਹੈ।
ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਵਾਲਾ ਬਜਟ : ਕਿਸਾਨਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਕੋਈ ਕਿਸਾਨਾਂ ਦੇ ਪੱਖੀ ਫੈਸਲਾ ਨਹੀਂ ਲਿਆ ਗਿਆ। ਕਿਸਾਨ ਜਥੇਬੰਦੀ ਸਿੱਧੂਪੁਰ ਦੇ ਜਿਲ੍ਹਾਂ ਪ੍ਰਧਾਨ ਨੇ ਕਿਹਾ ਕਿ ਸਾਨੂੰ ਕਾਫੀ ਉਮੀਦਾਂ ਸੀ ਕਿਸਾਨਾਂ ਨੂੰ ਉਮੀਦ ਸੀ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਉਨ੍ਹਾਂ ਨੂੰ ਤੋਹਫਾ ਦੇਵੇਗੀ। ਕਿਸਾਨ ਆਗੂ ਨੇ ਕਿਹਾ ਕਿ ਬਜਟ ਨੇ ਕਿਸਾਨਾਂ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ ਇਹ ਬਜਟ ਖੇਤੀ ਨਾਲ ਜੁੜੇ ਕਿਸਾਨਾਂ ਲਈ ਜ਼ੀਰੋ ਹੈ। ਕਿਸਾਨ ਆਗੂ ਨੇ ਦੱਸਿਆ ਕਿ ਜੋ ਬਜਟ ਪੇਸ਼ ਹੋਇਆ ਹੈ ਇਹ ਸਿਰਫ ਕੇ ਸਿਰਫ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਵਾਲਾ ਬਜਟ ਹੈ। ਕਿਸਾਨਾਂ ਨੇ ਬਜਟ ਉਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਟੈਕਸ ਕਿਸਾਨਾਂ ਤੋਂ ਇਕੱਠਾ ਹੋ ਰਿਹਾ ਹੈ ਜਿਸ ਨੂੰ ਸਰਕਾਰ ਕਾਰਪੋਰੇਟਾਂ ਵਿੱਚ ਵੰਡ ਰਹੀ ਹੈ।
ਬਜਟ ਵਿੱਚ ਫਸਲਾਂ ਲਈ ਵਿਸ਼ੇਸ ਸਬਸਿਡੀ ਨਹੀਂ: ਕਿਸਾਨ ਆਗੂ ਨੇ ਕਿਹਾ ਕਿ ਬਜਟ ਰਾਹੀ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਕਿਸਾਨਾਂ ਲਈ ਬੀਜ,ਖਾਦ, ਕੀਟਨਾਸ਼ਕ ਦਵਾਈਆਂ ਉਤੇ ਇਸ ਬਜਟ ਵਿੱਚ ਵਿਸ਼ੇਸ ਸਬਸਿਡੀ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਕਿਸਾਨ ਮਿਹਨਤ ਕਰਕੇ ਰੋਟੀ ਕਮਾ ਸਕਦਾ ਹੈ ਪਰ ਸਰਕਾਰ ਦੇ ਬਜਟ ਉਤੇ ਕੋਈ ਆਸ ਨਹੀਂ ਹੈ। ਕਿਸਾਨਾਂ ਆਗੂ ਨੇ ਕਿਹਾ ਕਿ ਜੋ ਕਿਸਾਨ ਅੰਦੋਲਨ ਸਮੇਂ ਜੋ ਅਹਿਮ ਮੰਗਾ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਨ ਦੀਆਂ ਸਨ ਉਹ ਉਨ੍ਹਾਂ ਮੰਨ ਲਈਆਂ ਸਨ ਪਰ ਉਸ ਤੋਂ ਬਾਅਦ ਕਿਸਾਨਾਂ ਨੂੰ ਡਰ ਹੈ ਕਿ ਇਹ ਕਾਨੂੰਨਾਂ ਨੂੰ ਸਰਕਾਰ ਕਿਸੇ ਹੋਰ ਤਰੀਕੇ ਨਾਲ ਲਾਗੂ ਕਰ ਸਕਦੀ ਹੈ।
ਬਜਟ ਵਿੱਚ ਕਿਸਾਨਾਂ ਲਈ ਕੁਝ ਖਾਸ ਨਹੀਂ: ਕਿਸਾਨਾਂ ਦਾ ਕਹਿਣਾ ਹੈ ਕਿ ਸੁਵਾਮੀਨਾਥਨ ਦੀਆਂ ਸਿਫਾਰਸ਼ਾ ਦੇ ਅਧਾਰ ਉਤੇ ਖੇਤੀ ਨੂੰ ਲਾਭ ਦੇਣ ਲਈ ਬਜਟ ਵਿੱਚ ਕੁਝ ਵੀ ਨਹੀਂ ਲਿਆਦਾ ਗਿਆ। ਬਜਟ ਵਿੱਚ ਫਸਲਾਂ ਦੇ ਭਾਅ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਕੁਦਰਤੀ ਆਫਤਾਂ ਨਾਲ ਖ਼ਰਾਬ ਹੋਣ ਵਾਲੀਆਂ ਫਸਲਾਂ ਨੂੰ ਮੁਆਵਜਾ ਦੇਣ ਲਈ ਕੋਈ ਬਜਟ ਵਿੱਚ ਖਾਸ ਰਾਸੀ ਨਹੀਂ ਰੱਖੀ ਗਈ। ਕਿਸਾਨਾਂ ਨੂੰ ਬਜਟ ਵਿੱਚ ਫਸਲਾਂ ਦੀ ਖਰੀਦ ਉਤੇ ਗਰੰਟੀ ਕਾਨੂੰਨ ਦੀ ਉਮੀਦ ਸੀ ਪਰ ਉਹ ਵੀ ਨਹੀਂ ਬਣਾਇਆ ਗਿਆ। ਕਿਸਾਨਾਂ ਦੀ ਕਹਿਣਾ ਹੈ ਕਿ ਕੁੱਲ ਮਿਲਾ ਕੇ ਬਜਟ ਵਿੱਚ ਕਿਸਾਨਾਂ ਨੂੰ ਅਣਦੇਖਿਆਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ:- New Scheme in Budget 2023: ਖਜਾਨਾ ਮੰਤਰੀ ਨੇ ਨਵੀਆਂ ਸਕੀਮਾਂ ਦਾ ਕੀਤਾ ਐਲਾਨ, ਮੱਛੀ ਪਾਲਣ ਲਈ ਨਵੀਂ ਸਕੀਮ