ਬਠਿੰਡਾ: ਪੰਜਾਬ ਵਿੱਚ ਗੁਲਾਬੀ ਸੁੰਡੀ ਦੇ ਕਹਿਰ ਨੇ ਨਰਮੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਜਿਸ ਕਰਕੇ ਪੰਜਾਬ ਦੇ ਕਿਸਾਨ ਦੀ ਕਈ ਮੁਸ਼ਕਿਲਾਂ ਵਧ ਗਈਆਂ ਹਨ। ਨਰਮੇ ਦੀ ਫ਼ਸਲ ਦੇ ਝਾੜ ਨਾ ਦੇ ਕਰਕੇ ਕਿਸਾਨ ਕਰਜ਼ਾਈ ਹੋ ਗਏ ਹਨ।
ਬਠਿੰਡਾ ਵਿੱਚ, ਗੁਲਾਬੀ ਸੁੰਡੀ ਨਾਲ ਫ਼ਸਲ ਬਰਬਾਦ ਹੋਣ ਕਰਕੇ ਕਿਸਾਨ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਉਸਨੇ ਖੁਦਕੁਸ਼ੀ ਖੇਤ ਮੋਟਰ ਤੇ ਜਾ ਕੇ, ਫਾਹਾ ਲਾ ਕੇ ਕੀਤੀ।
ਮ੍ਰਿਤਕ ਕਿਸਾਨ ਰੂਪ ਸਿੰਘ(46) ਪੁੱਤਰ ਕਿਰਪਾਲ ਸਿੰਘ ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ ਦਾ ਰਹਿਣ ਵਾਲਾ ਸੀ।
ਇਸ ਬਾਬਤ ਮ੍ਰਿਤਕ ਦੇ ਚਚੇਰੇ ਭਰਾ ਸੁਖਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਰੂਪ ਸਿੰਘ ਦੇ ਸਿਰ 13-14 ਲੱਖ ਰੁਪਏ ਦਾ ਕਰਜਾ ਹੈ ਅਤੇ ਉਸਦੀ ਪੂਰੀ ਫ਼ਸਲ ਗੁਲਾਬੀ ਸੁੰਡੀ ਦੇ ਲਪੇਟ ਚ ਆ ਕੇ ਬਰਬਾਦ ਹੋ ਗਈ ਹੈ। ਅੱਜ ਸਵੇਰੇ ਉਹ ਖੇਤ ਗਿਆ ਸੀ, ਜਿੱਥੇ ਉਸਨੇ ਨੇ ਮੋਟਰ ਦੇ ਕਮਰੇ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ।
ਗੁਲਾਬੀ ਸੁੰਡੀ ਦਾ ਕਹਿਰ
ਪੰਜਾਬ ਵਿੱਚ ਗੁਲਾਬੀ ਸੁੰਡੀ ਕਰਕੇ ਨਰਮੇ ਦੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਸੁੰਡੀ ਦੀ ਲਪੇਟ ਵਿੱਚ ਉਹ ਖੇਤਰ ਵਧੇਰੇ ਪ੍ਰਭਾਵਿਤ ਹੋਏ ਹਨ ਜਿੰਨ੍ਹਾਂ ਵਿੱਚ ਨਰਮੇ ਦੀ ਫ਼ਸਲ ਬੀਜੀ ਜਾਂਦੀ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ ਵਧੇਰੇ ਬੀਜ਼ੀ ਜਾਂਦੀ ਹੈ ਜਿਸ ਕਰਕੇ ਮਾਲਵੇ ਦੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ।
ਗੁਲਾਬੀ ਸੁੰਡੀ ਨਾਲ ਚਿੱਟੇ ਸੋਨੇ ਵਜੋਂ ਜਾਣੀ ਜਾਂਦੀ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਜਿਸ ਕਰਕੇ ਕਿਸਾਨਾਂ ਨੂੰ ਖੇਤਾਂ ਵਿੱਚ ਖੜ੍ਹੀ ਫ਼ਸਲ ਹੀ ਵਾਹੁਣੀ ਪਈ। ਫ਼ਸਲ ਨਾ ਹੋਣ ਕਰਕੇ ਕਰਜ਼ੇ ਚ ਡੁੱਬੇ ਕਿਸਾਨ ਦੇ ਸਿਰ ਤੇ ਬੋਝ ਹੋਰ ਵਧ ਗਿਆ। ਇੱਥੋਂ ਤੱਕ ਕਿ ਕਿਸਾਨਾਂ ਕੋਲ ਅਗਲੀ ਹਾੜੀ ਦੀ ਫ਼ਸਲ ਬੀਜਣ ਵਾਸਤੇ ਪੈਸੇ ਨਹੀਂ ਹਨ। ਕਿਸਾਨਾਂ ਦੁਆਰਾ ਫ਼ਸਲ ਦਾ ਨੁਕਸਾਨ 60,000 ਪ੍ਰਤੀ ਏਕੜ ਦੱਸਿਆ ਗਿਆ ਹੈ।
ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਬਰਬਾਦ ਹੋਈ ਫ਼ਸਲ ਦੇ ਮੁਆਵਜੇ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ ਖੇਤ ਮਜ਼ਦੂਰਾਂ ਲਈ ਵੀ ਮੁਆਵਜਾ ਮੰਗਿਆ ਗਿਆ ਹੈ, ਕਿਉਂਕਿ ਨਰਮੇ ਦੀ ਫ਼ਸਲ ਨਾ ਚੁਗੇ ਜਾਣ ਕਰਕੇ ਖੇਤ ਮਜ਼ਦਰਾਂ ਨੂੰ ਵੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਦਿਨੀਂ, ਬਰਬਾਦ ਹੋਈ ਨਰਮੇ ਦੀ ਫ਼ਸਲ ਦਾ ਜ਼ਾਇਜਾ ਲੈਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਮਾਲਵਾ ਬੈਲਟ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਹ ਵੀ ਪੜ੍ਹੋ:- ਨਰਮੇ ‘ਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਲੈਕੇ ਕਿਸਾਨਾਂ ਨੇ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ