ਬਠਿੰਡਾ: ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਦਿੱਤੀ ਸਹੂਲਤ ਕਰਕੇ ਛਿੜਿਆ ਵਿਵਾਦ.! ਜਦੋਂ 20 ਰੁਪਏ ਦੀ ਟਿਕਟ ਲਈ ਬਜ਼ੁਰਗ ਮਹਿਲਾ ਨੇ ਬੱਸ ਅੱਗੇ ਪ੍ਰਦਰਸ਼ਨ ਕੀਤਾ।
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਵੇਲੇ ਔਰਤਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ। ਜਿਸ ਕਰਕੇ ਅੱਜ ਬਠਿੰਡਾ ਦੇ ਬੱਸ ਸਟੈਂਡ ਵਿੱਚ ਨਵਾਂ ਵਿਵਾਦ ਦੇਖਣ ਨੂੰ ਮਿਲਿਆ। ਸਥਾਨਕ ਸ਼ਹਿਰ ਦੇ ਬੱਸ ਸਟੈਂਡ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਫ਼ਿਰੋਜ਼ਪੁਰ ਦੇ ਕਾਊਂਟਰ 'ਤੇ ਲੱਗੀ ਪੀ.ਆਰ.ਟੀ.ਸੀ. ਦੀ ਸਰਕਾਰੀ ਬੱਸ ਦੇ ਅੱਗੇ ਇੱਕ ਬਜ਼ੁਰਗ ਮਹਿਲਾ ਲੰਮੀ ਪੈ ਗਈ ਅਤੇ ਉਸ ਨੇ ਕੰਡਕਟਰ ਤੋਂ 20 ਰੁਪਏ ਟਿਕਟ ਦੇ ਵਾਪਸ ਦੀ ਮੰਗ ਕੀਤੀ ,ਪ੍ਰੰਤੂ ਕੰਡਕਟਰ ਵੱਲੋਂ ਕੱਟੀ ਗਈ ਟਿਕਟ ਕੈਂਸਲ ਨਾ ਹੋਣ ਦੀ ਦੁਹਾਈ ਪਾਈ, ਪਰ ਉਕਤ ਮਹਿਲਾ ਵੱਲੋਂ ਬੱਸ ਦੇ ਅੱਗੇ ਪੈ ਕੇ ਪ੍ਰਦਰਸ਼ਨ ਕੀਤਾ।
ਆਖਿਰ ਕੰਡਕਟਰ ਵੱਲੋਂ 20 ਰੁਪਏ ਵਾਪਸ ਦੇ ਕੇ ਖਹਿੜਾ ਛੁਡਵਾਇਆ ਗਿਆ। ਹਾਲਾਤ ਇਹ ਬਣ ਗਏ ਕਿ ਮੌਕੇ 'ਤੇ ਮੌਜੂਦ ਸਵਾਰੀਆਂ, ਕੰਡਕਟਰਾਂ ਤੇ ਡਰਾਈਵਰਾਂ ਵੱਲੋਂ ਵੀ ਉਕਤ ਮਹਿਲਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਗੱਲ 'ਤੇ ਅੜੀ ਰਹੀ। ਬਜ਼ੁਰਗ ਮਹਿਲਾ ਵੱਲੋਂ ਕੀਤੇ ਗਏ, ਇਸ ਪ੍ਰਦਰਸ਼ਨ ਦੀ ਵੀਡੀਓ ਵੀ ਅੱਗ ਦੀ ਤਰ੍ਹਾਂ ਵਾਇਰਲ ਹੋਈ ਹੈ।
ਕੰਡਕਟਰ ਨੇ ਦੱਸਿਆ ਕਿ ਉਹ ਬਾਜਾਖਾਨਾ ਤੋਂ ਬਠਿੰਡਾ ਆ ਰਿਹਾ ਸੀ, ਕਿ ਰਸਤੇ ਵਿੱਚੋਂ ਚੜੀ ਉਕਤ ਮਹਿਲਾ ਦੇ ਨਾਲ ਪਰਿਵਾਰਕ ਮੈਂਬਰ ਨੇ ਟਿਕਟ ਲੈ ਲਈ ਪ੍ਰੰਤੂ ਮਹਿਲਾ ਕੋਲ ਆਧਾਰ ਕਾਰਡ ਹੋਣ ਕਰਕੇ ਉਸ ਦੀ ਟਿਕਟ ਨਹੀਂ ਕੱਟੀ ਜਾ ਸਕਦੀ ਸੀ, ਪਰ ਟਿਕਟ ਪਹਿਲਾਂ ਹੀ ਕੱਟ ਦਿੱਤੀ ਗਈ ਸੀ, ਜਦੋਂ ਟਿਕਟ ਸਬੰਧੀ ਮਹਿਲਾ ਨੂੰ ਪਤਾ ਲੱਗਿਆ ਤਾਂ ਉਸ ਨੇ ਆਧਾਰ ਕਾਰਡ ਦਿਖਾ ਕੇ ਆਪਣੇ 20 ਰੁਪਏ ਵਾਪਸ ਲੈਣ ਦੀ ਮੰਗ ਕੀਤੀ।
ਕੰਡਕਟਰ ਨੇ ਦੱਸਿਆ ਕਿ ਟਿਕਟ ਕੱਟੀ ਜਾ ਚੁੱਕੀ ਹੋਣ ਕਰਕੇ ਉਹ ਪੈਸੇ ਵਾਪਸ ਨਹੀਂ ਕਰ ਸਕਦਾ ਸੀ। ਇਸੇ ਕਰਕੇ ਗੁੱਸੇ ਵਿੱਚ ਮਹਿਲਾ ਬੱਸ ਦੇ ਅੱਗੇ ਸੜਕ 'ਤੇ ਲੰਮੀ ਪੈ ਗਈ ਅਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ, ਜਿਸ ਕਰਕੇ ਉਸ ਨੇ 20 ਰੁਪਏ ਵਾਪਸ ਕਰ ਕੇ ਮਹਿਲਾ ਦੇ ਗੁੱਸੇ ਨੂੰ ਸ਼ਾਂਤ ਕੀਤਾ। ਮੌਕੇ 'ਤੇ ਮੌਜੂਦ ਪੀ.ਆਰ.ਟੀ.ਸੀ ਆਗੂ ਪਾਲਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ ਦਿੱਤੀ ਗਈ ਹੈ ਭਾਵੇਂ ਇਹ ਫ਼ੈਸਲਾ ਸਰਕਾਰ ਨੇ ਆਪਣੇ ਪੱਧਰ 'ਤੇ ਲਿਆ ਹੈ। ਪਰ ਇਸ ਨਾਲ ਕੰਡਕਟਰਾਂ ਤੇ ਡਰਾਈਵਰਾਂ ਲਈ ਮੁਸੀਬਤ ਵੀ ਖੜ੍ਹੀ ਕੀਤੀ ਹੈ, ਜਿਸ ਬਾਰੇ ਸਰਕਾਰ ਨੂੰ ਸੋਚਣ ਦੀ ਲੋੜ ਹੈ।
ਇਹ ਵੀ ਪੜੋ:- ਹਿਮਾਚਲ ਪ੍ਰਦੇਸ਼ 'ਚ ਹਾਈ ਅਲਰਟ ਦੇ ਚੱਲਦਿਆ ਪੁਲਿਸ ਵੱਲੋਂ ਚੈਕਿੰਗ ਜਾਰੀ