ਬਠਿੰਡਾ: ਇੰਨ੍ਹੀਂ ਦਿਨੀਂ ਦੇਸ਼ ਭਰ ਵਿੱਚ ਆਲ ਇੰਡੀਆ ਕੈਮਿਸਟ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰਗਿਸਟ ਈ ਫਾਰਮੇਸੀ ਨੂੰ ਬੰਦ ਕਰਾਉਣ ਲਈ ਵੱਡੀ ਪੱਧਰ ਉੱਤੇ ਮੁਹਿੰਮ ਛੇੜੀ ਹੋਈ ਹੈ। ਦਵਾਈਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਅਤੇ ਰਿਟੇਲ ਦਾ ਕੰਮ ਕਰਨ ਵਾਲੇ ਲੋਕਾਂ ਵੱਲੋਂ ਆਪੋਂ ਆਪਣੇ ਇਲਾਕੇ ਦੇ ਲੋਕ ਸਭਾ ਮੈਂਬਰਾਂ ਨੂੰ ਇਹ ਫਾਰਮੇਸੀ ਬੰਦ ਕਰਾਉਣ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ। ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਈ ਫਾਰਮੇਸੀ ਵੱਲੋਂ ਸ਼ਰੇਆਮ ਡਰੱਗ ਐਕਟ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਦਕਿ ਸੂਬਾ ਸਰਕਾਰ ਵੱਲੋਂ ਹੋਲਸੇਲਰ ਅਤੇ ਰਿਟੇਲਰਾਂ ਦਵਾਈ ਦਾ ਕਾਰੋਬਾਰ ਕਰਨ ਵਾਲਿਆਂ ਉੱਤੇ ਸਖ਼ਤੀ ਕੀਤੀ ਜਾ ਰਹੀ ਹੈ।
ਈ-ਫਾਰਮੇਸੀ ਦਾ ਕੋਈ ਥਾਂ-ਟਿਕਾਣਾ ਨਹੀਂ: ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਦਵਾਈਆਂ ਦਾ ਕਾਰੋਬਾਰ ਕਰਨ ਵਾਲਿਆ ਨੂੰ ਡਰੱਗ ਐਕਟ ਕਾਨੂੰਨ ਤਹਿਤ ਲਾਇਸੰਸ ਲੈਣ ਲਈ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਹੋਲਸੇਲਰ ਅਤੇ ਰਿਟੇਲਰਾਂ ਕੰਮ ਕਰਨ ਵਾਲਿਆਂ ਨੂੰ 120 ਸਕੇਅਰ ਫੁੱਟ ਦੀ ਥਾਂ ਲੈਣੀ ਪੈਂਦੀ ਹੈ ਅਤੇ ਹੋਰ ਵੀ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ, ਜਦਕਿ ਈ ਫਾਰਮੇਸੀ ਦਾ ਕੰਮ ਕਰਨ ਵਾਲਿਆਂ ਨੂੰ ਨਾ ਕੋਈ ਥਾਂ ਟਿਕਾਣਾ ਨਹੀਂ ਹੁੰਦਾ ਹੈ, ਤੇ ਉੱਥੇ ਹੀ ਵੱਡਿਆਂ ਘਰਾਣਿਆ ਵੱਲੋਂ ਈ ਫਾਰਮੇਸੀ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਹੈ ਅਤੇ ਲੋਕਾਂ ਦੇ ਘਰਾਂ ਤੱਕ ਈ ਫਾਰਮੇਸੀ ਰਾਹੀਂ ਦਵਾਈਆਂ ਭੇਜੀਆਂ ਜਾ ਰਹੀਆਂ ਹਨ।
ਈ ਫਾਰਮੇਸੀ ਵਾਲੇ ਡਰੱਗ ਐਕਟ ਕਾਨੂੰਨ ਦੀ ਕਰ ਰਹੇ ਉਲੰਘਣਾ: ਦਵਾਈਆਂ ਦੇ ਕਾਰੋਬਾਰੀ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ 50 ਤੋਂ 60 ਫੀਸਦੀ ਮੈਡੀਸਨ ਦੇ ਕਾਰੋਬਾਰ ਉੱਤੇ ਈ ਫਾਰਮੇਸੀ ਦਾ ਕਬਜ਼ਾ ਹੋ ਗਿਆ ਹੈ। ਦੇਸ਼ ਭਰ ਵਿੱਚ ਦਵਾਈਆਂ ਦੇ ਕਾਰੋਬਾਰ ਨਾਲ 13.40 ਲੱਖ ਕੈਮਿਸਟ ਜੁੜੇ ਹੋਏ ਹਨ ਅਤੇ ਇਸ ਕਿੱਤੇ ਵਿੱਚ ਸਾਢੇ ਤਿੰਨ ਕਰੋੜ ਲੋਕ ਕੰਮ ਕਰ ਰਹੇ ਹਨ, ਜੋ ਕਿ ਸਿੱਧੇ ਤੌਰ ਉੱਤੇ ਈ ਫਾਰਮੇਸੀ ਰਾਹੀਂ ਹੋਰ ਇਹ ਦਵਾਈਆਂ ਦੇ ਕਾਰੋਬਾਰ ਤੋਂ ਪ੍ਰਭਾਵਿਤ ਹੋ ਰਹੇ ਹਨ। ਈ ਫਾਰਮੇਸੀ ਰਾਹੀਂ ਲੋਕਾਂ ਨੂੰ ਦਵਾਈਆਂ ਵਿਚ 30 ਪ੍ਰਤੀਸ਼ਤ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ, ਉੱਥੇ ਹੀ ਡਰੱਗ ਐਕਟ ਕਾਨੂੰਨ ਦਾ ਪਾਲਣ ਵੀ ਨਹੀਂ ਕੀਤੀ ਜਾ ਰਹੀ, ਕਿਉਂਕਿ ਇੱਕ ਦਵਾਈ ਵਿਕਰੇਤਾਵਾਂ ਨੂੰ ਲਾਇਸੈਂਸ ਲੈਣ ਲਈ 120 ਗਜ ਸਕੇਰ ਫੁੱਟ ਜਗਾ ਲੈਣੀ ਪੈਂਦੀ ਹੈ।
ਇਸ ਦੇ ਨਾਲ ਹੀ, ਫਰੀਜ਼ ਅਤੇ ਤਾਪਮਾਨ ਨੂੰ ਕੰਟਰੌਲ ਕਰਨ ਲਈ ਏਸੀ ਲਗਵਾਉਣਾ ਪੈਂਦਾ ਹੈ, ਤਾਂ ਜੋ ਦਵਾਈਆਂ ਦਾ ਤਾਪਮਾਨ ਸਥਿਰ ਰੱਖਿਆ ਜਾ ਸਕੇ, ਪਰ ਈ ਫਾਰਮੇਸੀ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਇਨ੍ਹਾਂ ਸ਼ਰਤਾਂ ਦਾ ਕੋਈ ਵੀ ਧਿਆਨ ਨਹੀਂ ਰੱਖਿਆ ਜਾਂਦਾ ਅਤੇ ਆਨਲਾਇਨ ਹੀ ਟਰਾਂਸਪੋਰਟ ਰਾਹੀਂ ਦਵਾਈ ਭੇਜ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਦਵਾਈਆਂ ਦੀ ਗੁਣਵੱਤਾ ਉੱਤੇ ਵੀ ਅਸਰ ਪੈਂਦਾ ਹੈ।
ਈ ਫਾਰਮੇਸੀ ਕਾਰਨ ਨਸ਼ੇ ਦਾ ਕਾਰੋਬਾਰ ਵਧਿਆ: ਕੈਮਿਸਟ ਰਮੇਸ਼ ਗਰਗ ਦਾ ਕਹਿਣਾ ਹੈ ਕਿ ਐਨਡੀਪੀਸੀ ਐਕਟ ਤਹਿਤ ਆਉਣ ਵਾਲੀਆਂ ਦਵਾਈਆਂ ਵੀ ਈ ਫਾਰਮੇਸੀ ਵੱਲੋਂ ਬਿਨਾਂ ਕਿਸੇ ਲਾਇਸੈਂਸ ਅਤੇ ਸ਼ਰਤਾਂ ਤੋਂ ਭੇਜੀਆਂ ਜਾ ਰਹੀਆਂ ਹਨ ਜਿਸ ਕਾਰਨ ਵੱਡੀ ਪੱਧਰ ਉੱਤੇ ਨਸ਼ੇ ਦਾ ਕਾਰੋਬਾਰ ਵਧ ਰਿਹਾ ਹੈ। ਇਸ ਦੇ ਨਾਲ ਹੀ, ਈ ਫਾਰਮੇਸੀ ਰਾਹੀਂ ਵੱਡੀ ਗਿਣਤੀ ਵਿੱਚ ਨਕਲੀ ਦਵਾਈਆਂ ਦਾ ਕਾਰੋਬਾਰ ਵੀ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਕਈ ਥਾਵਾਂ ਉੱਤੇ ਬਣੇ ਹੋਏ ਗੁਦਾਮਾਂ ਵਿੱਚੋਂ ਨਕਲੀ ਦਵਾਈਆਂ ਫੜੀਆਂ ਗਈਆਂ ਹਨ ਅਤੇ ਇਹੀ ਦਵਾਈਆਂ ਈ ਫਾਰਮੇਸੀ ਰਾਹੀਂ ਲੋਕਾਂ ਨੂੰ ਭੇਜੀਆਂ ਜਾਣੀਆਂ ਸਨ, ਜੋ ਕਿ ਮਨੁੱਖੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਈ ਫਾਰਮੇਸੀ ਦਾ ਕਾਰੋਬਾਰ ਨੂੰ ਬੰਦ ਕੀਤਾ ਜਾਵੇ, ਤਾਂ ਜੋ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ ਅਤੇ ਜਲਦ ਤੋਂ ਜਲਦ ਕੇਂਦਰ ਸਰਕਾਰ ਈ ਫਾਰਮੇਸੀ ਦਾ ਕਾਰੋਬਾਰ ਬੰਦ ਕਰਨ ਸਬੰਧੀ ਸੰਸਦ ਵਿੱਚ ਬਿੱਲ ਲੈ ਕੇ ਆਵੇ।