ਬਠਿੰਡਾ: ਪੰਜਾਬ 'ਚ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ। ਕਿਤੇ ਲੁੱਟ ਖੋਹ ਅਤੇ ਕਤਲ ਵਰਗੀਆਂ ਵਾਰਦਾਤਾਂ ਹੋ ਰਹੀਆਂ ਤਾਂ ਕਿਤੇ ਜ਼ਮੀਨੀ ਵਿਵਾਦ ਪਿੱਛੇ ਆਪਣਿਆਂ ਨਾਲ ਹੀ ਰੰਜਿਸ਼ ਕੱਢੀ ਜਾ ਰਹੀ ਹੈ। ਤਾਜ਼ਾ ਮਾਮਲਾ ਬਠਿੰਡਾ ਦੇ ਪਿੰਡ ਕੋਠੇ ਗੁਰੂ ਤੋਂ ਸਾਹਮਣੇ ਆਇਆ, ਜਿਥੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਵਿੱਚ ਗੋਲੀ ਲੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ 3 ਤੋਂ 4 ਲੋਕ ਜ਼ਖਮੀ ਹੋ ਗਏ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ ਗੋਲੀ ਚਲਾਉਣ ਵਾਲੇ ਵਿਅਕਤੀ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਵਾਰਦਾਤ 'ਚ ਤਿੰਨ ਮੌਤਾਂ: ਉਧਰ ਗੋਲੀਆਂ ਲੱਗਣ ਕਾਰਨ ਕਤਲ ਹੋਏ ਦੋ ਵਿਅਕਤੀਆਂ ਦੀ ਪਛਾਣ ਗੁਰਸ਼ਾਂਤ ਸਿੰਘ ਅਤੇ ਭੋਲਾ ਸਿੰਘ ਵਜੋਂ ਹੋਈ ਹੈ। ਜਦੋਂਕਿ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਗੁਰਸ਼ਰਨ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਰਾਮਪੁਰ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਉਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਚਾਚੇ ਨਾਲ ਚੱਲ ਰਿਹਾ ਸੀ ਜ਼ਮੀਨੀ ਵਿਵਾਦ: ਬਠਿੰਡਾ ਦੇ ਐਸਐਸਪੀ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਪਿੰਡ ਕੋਠਾ ਗੁਰੂ ਦੇ ਗੁਰਸ਼ਰਨ ਸਿੰਘ ਦਾ ਆਪਣੇ ਚਾਚੇ ਹਰਿੰਦਰ ਸਿੰਘ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸੇ ਝਗੜੇ 'ਚ ਗੁਰਸ਼ਰਨ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਆਪਣੀ ਛੱਤ 'ਤੇ ਖੜ੍ਹਾ ਹੋ ਗਿਆ ਅਤੇ ਆਪਣੀ 12 ਬੋਰ ਰਾਈਫਲ 'ਚੋਂ 30 ਤੋਂ 35 ਗੋਲੀਆਂ ਆਪਣੇ ਚਾਚੇ ਦੇ ਘਰ ਵੱਲ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਹੀ ਇੱਕ ਨੌਜਵਾਨ ਗੁਰਸ਼ਾਂਤ ਦੀ ਮੌਤ ਹੋ ਗਈ, ਜਦਕਿ ਗੁਰਸ਼ਾਂਤ ਸਿੰਘ ਦੀ ਲਾਸ਼ ਨੂੰ ਚੱਕਣ ਲਈ ਉਸਦਾ ਦੋਸਤ ਭੋਲਾ ਸਿੰਘ ਗਿਆ ਤਾਂ ਗੋਲੀਬਾਰੀ ਕਰ ਰਹੇ ਗੁਰਸ਼ਰਨ ਸਿੰਘ ਵੱਲੋਂ ਉਸ 'ਤੇ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਨੇ ਘੇਰਿਆ ਤਾਂ ਮੁਲਜ਼ਮ ਨੇ ਕਰ ਲਈ ਖੁਦਕੁਸ਼ੀ: ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰਾ ਪਾ ਲਿਆ। ਇਸ ਦੌਰਾਨ ਪੁਲਿਸ ਵਲੋਂ ਆਂਢ-ਗੁਆਂਢ ਦੀਆਂ ਛੱਤਾਂ 'ਤੇ ਚੜ੍ਹ ਕੇ ਮੁਲਜ਼ਮ ਨੂੰ ਘੇਰਾ ਪਾ ਲਿਆ, ਜਿਸ ਤੋਂ ਬਾਅਦ ਮੁਲਜ਼ਮ ਨੇ ਜਦੋਂ ਆਪਣੇ ਆਪ ਨੂੰ ਚਾਰੋਂ ਪਾਸਿਓਂ ਘਿਰਿਆ ਦੇਖਿਆ ਤਾਂ ਉਸ ਨੇ ਪਹਿਲਾਂ ਹਵਾ ਵਿੱਚ ਗੋਲੀ ਚਲਾਈ ਅਤੇ ਫਿਰ ਕਮਰੇ ਵਿੱਚ ਖੁਦ ਨੂੰ ਬੰਦ ਕਰ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- Punjab Law and Order: ਬਦਮਾਸ਼ਾਂ ਨੇ ਮੰਦਿਰ ਜਾਂਦੀ ਮਹਿਲਾ ਤੋਂ ਕੀਤੀ ਲੁੱਟ, ਸੁਖਬੀਰ ਬਾਦਲ ਬੋਲੇ- ਇਹ ਹੈ ਬਦਲਾਅ ਦੀ ਮੂੰਹ ਬੋਲਦੀ ਤਸਵੀਰ
- Lawrence Interview Case Update: ਲਾਰੈਂਸ ਜੇਲ੍ਹ ਇੰਟਰਵਿਊ ਮਾਮਲੇ 'ਚ ਹਾਈਕੋਰਟ ਦੀ ਸਰਕਾਰ ਨੂੰ ਫਟਕਾਰ ਤੋਂ ਬਾਅਦ ਮਜੀਠੀਆ ਦਾ ਮੁੱਖ ਮੰਤਰੀ 'ਤੇ ਨਿਸ਼ਾਨਾ, ਕਿਹਾ- ਪੰਜਾਬ ਜਵਾਬ ਮੰਗਦਾ
- Missing Child Found: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਜੀਆਰਪੀ ਪੁਲਿਸ ਨੇ ਕੁਝ ਘੰਟਿਆਂ 'ਚ ਕੀਤਾ ਬਰਾਮਦ, ਮੁਲਜ਼ਮ ਪਤੀ ਪਤਨੀ ਕਪੂਰਥਲਾ ਤੋਂ ਕਾਬੂ
ਪੁਲਿਸ ਘਟਨਾ ਦੇ ਕਾਰਨਾਂ ਦੀ ਕਰ ਰਹੀ ਜਾਂਚ: ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਗੁਰਸ਼ਰਨ ਸਿੰਘ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੋਵੇਂ ਹੀ ਧਿਰਾਂ ਵੱਲੋਂ ਇੱਕ ਦੂਸਰੇ ਖਿਲਾਫ ਅਦਾਲਤਾਂ ਵਿੱਚ ਕੇਸ ਕੀਤੇ ਗਏ ਹੋਏ ਹਨ ਅਤੇ ਇੱਕ ਦੂਸਰੇ ਖਿਲਾਫ ਪਰਚੇ ਵੀ ਦਰਜ ਕਰਵਾਏ ਗਏ ਹਨ। ਫਿਲਹਾਲ ਇਸ ਘਟਨਾ ਵਿੱਚ ਦੋ ਲੋਕਾਂ ਦਾ ਕਤਲ ਹੋਇਆ ਅਤੇ ਤਿੰਨ ਲੋਕ ਜ਼ਖ਼ਮੀ ਹੋਏ ਹਨ, ਜਿਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ। ਇਸ ਤੋਂ ਇਲਾਵਾ ਗੋਲੀਬਾਰੀ ਕਰਨ ਵਾਲੇ ਗੁਰਸ਼ਰਨ ਸਿੰਘ ਵੱਲੋਂ ਵੀ ਖੁਦਕੁਸ਼ੀ ਕਰ ਲਈ ਗਈ ਹੈ। ਫਿਲਹਾਲ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।