ਬਰਨਾਲਾ: ਜ਼ਿਲ੍ਹੇ ਦੇ ਜ਼ਿਲ੍ਹਾ ਉਦਯੋਗ ਕੇਂਦਰ ਦਾ ਦਫਤਰ ਪਹਿਲਾਂ ਮਾਲੇਰਕੋਟਲਾ ਵਿਖੇ ਸੀ, ਹੁਣ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਰੈੱਡ ਕ੍ਰਾਸ ਭਵਨ ਵਿਖੇ ਸਥਾਪਿਤ ਹੋ ਗਿਆ ਹੈ। ਜਿਸ ਨਾਲ ਸਨਅਤਕਾਰਾਂ ਅਤੇ ਉਦਮੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਅਤੇ ਆਪਣੇ ਮਸਲਿਆਂ/ਮੰਗਾਂ ਲਈ ਰਾਬਤਾ ਕਰਨ ’ਚ ਸੌਖ ਹੋ ਜਾਵੇਗੀ।
ਇਹ ਵੀ ਪੜੋ: ਕਿਸਾਨਾਂ ਨੇ ਮੁਫ਼ਤ ਕਰਵਾਏ ਟੋਲ ਪਲਾਜ਼ੇ, ਜਾਣੋ ਕੀ ਰਿਹਾ ਅਸਰ, ਕਿੱਥੇ-ਕਿੱਥੇ ਹੋਇਆ ਹੰਗਾਮਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਪਹਿਲਾਂ ਬਰਨਾਲਾ ਦੇ ਉਦਮੀਆਂ ਨੂੰ ਡੀਆਈਸੀ ਮਾਲੇਰਕੋਟਲਾ ਜਾਣਾ ਪੈਂਦਾ ਸੀ, ਹੁਣ ਜ਼ਿਲ੍ਹਾ ਬਰਨਾਲਾ ਨੂੰ ਸਥਾਨਕ ਦਫਤਰ ਅਤੇ ਸਟਾਫ ਮਿਲਣ ਨਾਲ ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਅਤੇ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ’ਚ ਉਦਯੋਗਿਕ ਗਤੀਵਿਧੀਆਂ ਦਾ ਦਾਇਰਾ ਕਾਫੀ ਵੱਡਾ ਹੈ। ਟ੍ਰਾਈਡੈਂਟ ਗਰੁੱਪ ਤੋਂ ਇਲਾਵਾ ਪੋਲਟਰੀ, ਕੰਬਾਈਨ ਮੈਨੂੰਫੈਕਚਰਿੰਗ, ਹੋਰ ਖੇਤੀਬਾੜੀ ਇੰਮਪਲੀਮੈਂਟਸ, ਰਾਈਸ ਸ਼ੈਲਰ ਤੇ ਹੋਰ ਕਈ ਤਰ੍ਹਾਂ ਦੇ ਸਨਅਤੀ ਅਦਾਰੇ ਬਰਨਾਲਾ ਵਿੱਚ ਹਨ।
ਜੀਐਮ (ਜ਼ਿਲ੍ਹਾ ਉਦਯੋਗ ਕੇਂਦਰ) ਬਰਨਾਲਾ ਸ੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਆਖਿਆ ਕਿ ਉਦਮੀਆਂ ਨੂੰ ਜ਼ਰੂਰਤ ਪੈਣ ’ਤੇ ਉਹ ਰੈੱਡ ਕ੍ਰਾਸ ਭਵਨ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਨਅਤਕਾਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸੁਣੀਆਂ ਹਨ ਤੇ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿਚ ਕੁੱਲ 16 ਅਸਾਮੀਆਂ ਮਨਜ਼ੂਰ ਹਨ ਤੇ 9 ਅਸਾਮੀਆਂ ’ਤੇ ਸਟਾਫ ਕੰਮ ਕਰ ਰਿਹਾ ਹੈ।
ਜ਼ਿਲ੍ਹਾ ਇੰਡਸਟਰੀ ਚੈਂਬਰ ਬਰਨਾਲਾ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਨੇ ਆਖਿਆ ਕਿ ਪਹਿਲਾਂ ਸਨਅਤਕਾਰਾਂ ਨੂੰ ਸਰਕਾਰ ਨਾਲ ਰਾਬਤਾ ਬਣਾਉਣ ਅਤੇ ਹੋਰ ਕੰਮਾਂ ਲਈ ਮਾਲੇਰਕੋਟਲਾ ਦਫਤਰ ਵਿਖੇ ਜਾਣਾ ਪੈਂਦਾ ਸੀ ਤੇ 2006 ਵਿਚ ਜ਼ਿਲ੍ਹਾ ਬਣਨ ਤੋਂ ਬਾਅਦ ਪਹਿਲੀ ਵਾਰ ਇਹ ਦਫਤਰ ਬਰਨਾਲਾ ਵਿਖੇ ਸਥਾਪਿਤ ਹੋਇਆ ਹੈ। ਪਹਿਲਾਂ ਜੀਐਮ ਡੀਆਈਸੀ ਮਾਲੇਰਕੋਟਲਾ ਕੋਲ ਹੀ ਬਰਨਾਲੇ ਦਾ ਚਾਰਜ ਸੀ। ਉਨ੍ਹਾਂ ਕਿਹਾ ਕਿ ਹੁਣ ਸਨਅਤਕਾਰਾਂ ਨੂੰ ਵਿਭਾਗ ਨਾਲ ਰਾਬਤਾ ਕਰਨ ’ਚ ਸੌਖ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਮਐਸਐਮਈ, ਇਕ ਜ਼ਿਲ੍ਹਾ ਇਕ ਉਤਪਾਦ, ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਤੇ ਹੋਰ ਸਕੀਮਾਂ ਅਧੀਨ ਕਾਫੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ, ਜਿਸ ਦਾ ਲਾਹਾ ਵੱਧ ਤੋਂ ਵੱਧ ਉਦਮੀ ਲੈ ਸਕਣਗੇ।
ਇਹ ਵੀ ਪੜੋ: ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ