ਚੰਡੀਗੜ੍ਹ : ਬਹਿਬਲਕਲਾਂ ਇਨਸਾਫ ਮੋਰਚੇ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸੇ ਮਹੀਨੇ ਯਾਨੀ ਕਿ ਫਰਵਰੀ ਦੇ ਅਖੀਰ ਤੱਕ ਬਹਿਬਲਕਲਾਂ ਦੇ ਮੁੱਦੇ ਨੂੰ ਹੱਲ ਕੀਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਮੋਰਚੇ ਦੇ ਸਾਥੀਆਂ ਨੇ ਉਨ੍ਹਾਂ ਦੀ ਗੱਲ ਮੰਨ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਇਹ ਮਸਲਾ ਹੁਣ ਸੁਲਝਾ ਲਿਆ ਜਾਵੇਗਾ।
ਸਰਕਾਰ ਅੱਗੇ ਮੋਰਚੇ ਨੇ ਰੱਖੀ ਮੰਗ: ਜਾਣਕਾਰੀ ਮੁਤਾਬਿਕ ਮੋਰਚੇ ਦੇ ਮੋਹਤਬਰਾਂ ਨੇ ਕੁਲਦੀਪ ਧਾਲੀਵਾਲ ਨੂੰ ਕੁੱਝ ਮੰਗਾਂ ਵੀ ਚੇਤੇ ਕਰਵਾਈਆਂ ਹਨ। ਹਾਲਾਂਕਿ ਧਾਲੀਵਾਲ ਨੇ ਕਿਹਾ ਕਿ ਉਹ ਲੰਬੀ ਗੱਲਬਾਤ ਤੋਂ ਬਾਅਦ ਧਰਨਾਕਾਰੀਆਂ ਨੂੰ ਮਨਾਉਣ ਵਿਚ ਸਫਲ ਰਹੇ ਹਨ। ਮੋਰਚੇ ਨੇ ਸੜਕ ਦੀ ਇਕ ਸਾਈਡ ਨੂੰ ਖੋਲ੍ਹਣ ਵਾਲੀ ਉਨ੍ਹਾਂ ਦੀ ਬੇਨਤੀ ਮੰਨ ਲਈ ਹੈ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਮਹੀਨੇ ਹੀ ਸਾਰੀ ਗੱਲਬਾਤ ਸੁਲਝਾ ਲਈ ਜਾਵੇਗੀ। ਮੋਰਚੇ ਨੇ ਵੀ ਸਾਰੇ ਮਾਮਲਿਆਂ ਵਿਚ ਚਲਾਨ ਪੇਸ਼ ਕਰਨ ਦੀ ਸਰਕਾਰ ਨੂੰ ਅੱਗੇ ਮੰਗ ਰੱਖੀ ਹੈ।
ਸੁਖਰਾਜ ਸਿੰਘ ਨੇ ਵੀ ਐਲਾਨ ਕੀਤਾ: ਦੂਜੇ ਪਾਸੇ ਮੋਰਚਾ ਲਾਈ ਬੈਠੇ ਸੁਖਰਾਜ ਸਿੰਘ ਨੇ ਕਿਹਾ ਕਿ ਸਰਕਾਰ ਦੀ ਗੱਲ ਪਹਿਲਾਂ ਵਾਂਗ ਹੀ ਸੁਣ ਲਈ ਗਈ ਹੈ। ਪਰ ਜੇਕਰ ਮਸਲਾ ਜਲਦੀ ਹੱਲ ਨਹੀਂ ਹੁੰਦਾ ਤਾਂ ਸੰਘਰਸ਼ ਫਿਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਤੇ ਮੋਰਚੇ ਨੇ ਵੀ ਸੜਕ ਦਾ ਇਕ ਪਾਸਾ ਖੋਲ੍ਹਣ ਦੀ ਗੱਲ ਮੰਨ ਲਈ ਹੈ। ਹਾਲਾਂਕਿ ਸੁਖਰਾਜ ਸਿੰਘ ਨੇ ਕਿਹਾ ਕਿ ਜੇਕਰ ਫਰਵਰੀ ਦੇ ਅਖੀਰ ਤੱਕ ਇਨਸਾਫ ਨਾ ਮਿਲਿਆ ਤਾਂ ਆਸਪਾਸ ਦੇ ਪਿੰਡਾਂ ਦੇ ਮੋਹਤਬਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਮੁੱਖ ਮਾਰਗਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਆਵਾਜਾਹੀ ਰੋਕ ਦਿੱਤੀ ਜਾਵੇਗੀ।
ਕੀ ਕਹਿੰਦੇ ਨੇ ਰਾਜ ਕੁਮਾਰ ਵੇਰਕਾ: ਉੱਧਰ ਬੀਜੇਪੀ ਦੇ ਆਗੂ ਰਾਜਕੁਮਾਰ ਵੇਰਕਾ ਨੇ ਵੀ ਸਵਾਲ ਕੀਤਾ ਹੈ ਕਿ ਸਰਕਾਰ ਕਹਿ ਤਾਂ ਵਾਰ ਵਾਰ ਰਹੀ ਹੈ, ਪਰ ਮਸਲਾ ਹੱਲ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਲੋਕਾਂ ਨੂੰ ਇਨਸਾਫ ਕਦੋਂ ਮਿਲ ਰਿਹਾ ਹੈ। ਵੇਰਕਾ ਨੇ ਇਲਜ਼ਾਮ ਲਾਇਆ ਕਿ ਸਰਕਾਰ ਹਰੇਕ ਫਰੰਟ ਉੱਤੇ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਮੋਰਚੇ ਦੇ ਸਾਥੀਆਂ ਨੂੰ ਵੀ ਅਪੀਲ ਕੀਤੀ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੂੰ ਵੀ ਸਹਿਯੋਗ ਦਿੱਤਾ ਜਾਵੇ।
ਇਹ ਵੀ ਪੜ੍ਹੋ: Qaumi Insaaf Morcha : ਚੰਡੀਗੜ੍ਹ ਮੋਹਾਲੀ ਬਾਰਡਰ 'ਤੇ ਹੋਰ ਕਰੜੀ ਕੀਤੀ ਸੁਰੱਖਿਆ, ਮੋਰਚੇ ਦੇ 31 ਮੈਂਬਰ ਕਰਨਗੇ ਚੰਡੀਗੜ੍ਹ ਕੂਚ
ਬਠਿੰਡਾ-ਅੰਮ੍ਰਿਤਸਰ ਲੇਨ ਕੀਤੀ ਗਈ ਹੈ ਬੰਦ: ਦਰਅਸਲ ਫਰੀਦਕੋਟ 'ਚ ਬਹਿਬਲ ਕਲਾਂ ਇਨਸਾਫ਼ ਮੋਰਚਾ ਤੇ ਸਿੱਖ ਜਥੇਬੰਦੀਆਂ ਨੇ ਅਣਮਿੱਥੇ ਸਮੇਂ ਲਈ ਬਠਿੰਡਾ-ਅੰਮ੍ਰਿਤਸਰ ਲੇਨ ਨੂੰ ਬੰਦ ਕੀਤਾ ਹੋਇਆ ਹੈ। ਬੇਅਦਬੀ ਤੇ ਗੋਲੀ ਕਾਂਡ ਮਾਮਲੇ 'ਚ ਕਾਰਵਾਈ ਨਾ ਹੋਣ ਕਾਰਨ ਮੋਰਚੇ ਦੇ ਆਗੂਆਂ ਵਿਚ ਭਾਰੀ ਰੋਹ ਹੈ। ਪੀੜਤ ਪਰਿਵਾਰ ਨੇ ਸਰਕਾਰ ਵਲੋਂ ਇਸ ਮੁੱਦੇ ਵਿੱਚ ਇਨਸਾਫ ਨਾ ਦੇਣ ਦੇ ਇਲਜ਼ਾਮ ਲਗਾਏ ਹਨ। ਧਰਨੇ ਵਾਲੀ ਥਾਂ ਉੱਤੇ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ ਅਤੇ ਪੁਲਿਸ ਵਲੋਂ ਵੀ ਸਾਰੇ ਇੰਤਜਾਮ ਕੀਤੇ ਗਏ ਹਨ।