ਬਠਿੰਡਾ : ਸਿੱਖਿਆ ਖੇਤਰ ਵਿੱਚ ਆਈ ਵੱਡੀ ਤਬਦੀਲੀ ਤੋਂ ਬਾਅਦ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਬਾਉਣ ਲਈ ਪ੍ਰਾਈਵੇਟ ਸਕੂਲਾਂ ਦਾ ਰੁੱਖ ਕੀਤਾ ਜਾਂਦਾ ਹੈ। ਪਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਇੰਦਰ ਸਿੰਘ ਵਾਲੇ ਦੇ ਸਮਾਰਟ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਇਸ ਸਕੂਲ ਦੀ ਨੁਹਾਰ ਬਦਲ ਗਈ ਹੈ। ਅੱਜ ਮਾਪੇ ਆਪਣੇ ਬੱਚਿਆਂ ਨੂੰ ਇੱਥੇ ਦਾਖ਼ਲ ਕਰਵਾਉਣ ਲਈ ਸਾਲ-ਸਾਲ ਭਰ ਇੰਤਜ਼ਾਰ ਕਰਦੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿਖੇ ਬੱਚਿਆਂ ਦੇ ਦਾਖਲਿਆਂ ਲਈ ਅਡਵਾਂਸ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ।
ਕਿਵੇਂ ਬਦਲੀ ਸਕੂਲ ਦੀ ਨੁਹਾਰ: ਈਟੀਟੀ ਅਧਿਆਪਕ ਵਜੋਂ ਕੰਮ ਕਰ ਰਹੇ ਰਾਜਿੰਦਰ ਸਿੰਘ ਵੱਲੋਂ ਸਕੂਲ ਪ੍ਰਤੀ ਦਿਖਾਏ ਗਏ ਪਿਆਰ ਦੇ ਕਾਰਨ ਇਹ ਸਭ ਸੰਭਵ ਹੋਇਆ ਹੈ। 2015 ਬਦਲੀ ਹੋਣ ਤੋਂ ਬਾਅਦ ਕੋਠੇ ਇੰਦਰ ਸਿੰਘ ਵਾਲੇ ਸਕੂਲ ਵਿੱਚ ਰਾਜਿੰਦਰ ਸਿੰਘ ਬਤੌਰ ਈਟੀਟੀ ਅਧਿਆਪਕ ਆਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਇਸ ਸਕੂਲ ਵਿਚ ਆਏ ਸਨ ਤਾਂ ਸਿਰਫ 33 ਵਿਦਿਆਰਥੀ ਹੀ ਸਕੂਲ ਵਿਚ ਪੜ੍ਹ ਰਹੇ ਸਨ। ਸਕੂਲ ਦੀ ਇਮਾਰਤ ਵੀ ਬਹੁਤ ਖ਼ਸਤਾ ਸੀ। ਕਮਰਿਆਂ ਦੀ ਛੱਤ ਤੋਂ ਖਲੇਪੜ ਲਹਿ ਕੇ ਸਰੀਆ ਦਿਖ ਲੱਗ ਪਿਆ ਸੀ। ਸਕੂਲ ਵਿੱਚ ਰੁੱਖ ਆਦਿ ਤਾਂ ਬਿਲਕੁਲ ਵੀ ਨਹੀਂ ਸਨ।
ਅਧਿਆਪਕ ਨੇ ਖੁਦ ਕੀਤਾ ਕੰਮ : ਸਰਕਾਰੀ ਸਕੂਲਾਂ ਦੇ ਡਿਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਉਹਨਾਂ ਵੱਲੋਂ ਪਹਿਲਾਂ ਸਕੂਲ ਦੀ ਇਮਾਰਤ ਦਾ ਢਾਂਚਾ ਠੀਕ ਕੀਤਾ ਗਿਆ। ਫੰਡਾਂ ਦੀ ਘਾਟ ਕਾਰਨ ਉਨ੍ਹਾਂ ਵੱਲੋਂ ਸ਼ੁਰੂ ਵਿੱਚ ਆਪਣੀ ਪਾਕੇਟ ਮਨੀ ਖ਼ਰਚ ਕੇ ਸਕੂਲ ਦੀ ਦਿੱਖ ਨੂੰ ਬਦਲਿਆ ਗਿਆ। ਅਧਿਆਪਕ ਨੇ ਦੱਸਿਆ ਕਿ ਉਨ੍ਹਾਂ ਹੱਥੀਂ ਕੰਮ ਕਰਕੇ ਸਕੂਲ 'ਚ ਗਰੀਨਰੀ ਅਤੇ ਰੰਗ ਰੋਗਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਖੁਦ ਸਕੂਲ ਵਿੱਚ ਸਾਰੀਆਂ ਪੇਟਿੰਗਾਂ ਬਣਾਈਆਂ।
ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲ ਮੁਕਾਬਲੇ: ਪੜ੍ਹ ਰਹੇ ਬੱਚਿਆਂ ਦਾ ਸਿੱਖਿਆ ਪੱਧਰ ਇਸ ਕਦਰ ਉੱਚਾ ਕੀਤਾ ਗਿਆ ਕਿ ਉਹਨਾਂ ਦੇ ਕੰਪੀਟੀਸ਼ਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨਾਲ ਕਰਵਾਏ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਸਰਕਾਰੀ ਸਕੂਲਾਂ ਦੀ ਪੜ੍ਹਾਈ ਕਿੰਨੀ ਬਹਿਤਰ ਹੈ। ਜਿਸ ਨਾਲ ਉਨ੍ਹਾਂ ਨੂੰ ਫਾਇਦਾ ਵੀ ਹੋਇਆ। ਹੁਣ ਬਹੁਤ ਸਾਰੇ ਪਿੰਡਾਂ ਦੇ ਬੱਚੇ ਉਨ੍ਹਾਂ ਦੇ ਸਕੂਲ ਵਿੱਚ ਪੜ੍ਹਨ ਲਈ ਆਉਂਦੇ ਹਨ।
ਇਕ ਸਾਲ ਹੁੰਦੀ ਹੈ ਰਜ਼ਿਸਟ੍ਰੇਸ਼ਨ: ਉਹਨਾਂ ਵੱਲੋਂ ਪਿੰਡ-ਪਿੰਡ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਸਿੱਖਿਆ ਪ੍ਰਦਾਨ ਕੀਤੇ ਜਾਣ ਤੋਂ ਬਾਅਦ ਵਿਦਿਆਰਥੀਆਂ ਅਤੇ ਮੀਡੀਆ ਵੱਲੋਂ ਦਿੱਤੇ ਸਹਿਯੋਗ ਕਾਰਨ ਅੱਜ ਉਨ੍ਹਾਂ ਕੋਲ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿੱਚ ਢਾਈ ਸੌਂ ਦੇ ਕਰੀਬ ਵਿਦਿਆਰਥੀ ਹਨ। ਬੱਚਿਆਂ ਦੇ ਮਾਪਿਆਂ ਵੱਲੋਂ ਸਮਾਰਟ ਸਰਕਾਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿਖੇ ਦਾਖਲਾ ਕਰਵਾਉਣ ਲਈ ਇਕ- ਇਕ ਸਾਲ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ।
ਸਕੂਲ ਵਿੱਚ ਕੀ ਹੈ ਖਾਸ: ਅਧਿਆਪਕਾ ਰਜਿੰਦਰ ਸਿੰਘ ਨੇ ਦੱਸਿਆ ਕਿ 2017 ਵਿੱਚ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ। ਇਸ ਲਾਇਬਰੇਰੀ ਦਾ ਕੰਮ ਉਨ੍ਹਾਂ ਵੱਲੋਂ ਹੱਥੀਂ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਕਿਤਾਬਾਂ ਪ੍ਰਤੀ ਉਤਸ਼ਾਹਤ ਕੀਤਾ ਜਾ ਸਕੇ। ਕਿਉਂਕਿ ਟੇਬਲ 'ਤੇ ਪਈਆਂ ਕਿਤਾਬਾਂ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਤ ਬਹੁਤ ਘੱਟ ਕਰਦੀਆਂ ਹਨ। ਇਸ ਲਈ ਉਨ੍ਹਾਂ ਲਾਇਬ੍ਰੇਰੀ ਵਿਚ ਤਰਤੀਬਵਾਰ ਕਿਤਾਬਾਂ ਲਗਾਈਆਂ। ਉਨ੍ਹਾਂ ਨੇ ਕਿਹਾ ਕਿ ਕਿਤਾਬਾਂ ਇਸ ਤਰੀਕੇ ਨਾਲ ਲਾਇਬ੍ਰੇਰੀ ਵਿੱਚ ਰੱਖਿਆ ਹਨ ਕਿ ਵਿਦਿਆਰਥੀਆਂ ਦਾ ਮਨ ਚੱਲ ਕੇ ਪੜ੍ਹਨ ਲਈ ਕਰਦਾ ਹੈ। ਖਿੱਚ ਦਾ ਕੇਂਦਰ ਬਣਦੀਆਂ ਰਹਿੰਦੀਆਂ ਹਨ ਇਸ ਤੋਂ ਇਲਾਵਾ ਉਹਨਾਂ ਵੱਲੋਂ ਮਾਡਰਨ ਤਕਨੀਕ ਅਪਨਾਉਂਦੇ ਹੋਏ। ਸਮਾਰਟ ਸਰਕਾਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿਖੇ ਇਨਾਟ੍ਰੈਕਟਿਵ ਬੋਰਡ, ਪ੍ਰੋਜੈਕਟਰ LED ਅਤੇ ਕੰਪਿਊਟਰ ਲੈਬ ਤਿਆਰ ਕਰਵਾਈ ਗਈ। ਇਸ ਤੋਂ ਇਲਾਵਾ ਕਲਾਸਾਂ ਵਿੱਚ ਉਨ੍ਹਾਂ ਵੱਲੋਂ ਅਜਿਹੇ ਢੰਗ ਨਾਲ ਪੇਂਟਿੰਗ ਕੀਤੀਆਂ ਹਨ ਕਿ ਆਉਣ ਜਾਣ ਵੇਲੇ ਵੀ ਵਿਦਿਆਰਥੀਆਂ ਸਿੱਖਿਆ ਮਿਲਦੀ ਰਹੇ।
ਫੰਡਾਂ ਦੀ ਘਾਟ ਕਾਰਨ ਆਈਆਂ ਦਿੱਕਤਾਂ: ਅਧਿਆਪਕ ਰਜਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਫੰਡਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਜਿਉਂ-ਜਿਉਂ ਵਿਦਿਆਰਥੀਆਂ ਵੱਲੋਂ ਚੰਗੇ ਨਤੀਜੇ ਦਿੱਤੇ ਜਾਣ ਲੱਗੇ ਤਿਉਂ-ਤਿਉਂ ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਵੱਲੋਂ ਵੀ ਸਕੂਲ ਲਈ ਸਹਿਯੋਗ ਦਿੱਤਾ ਜਾਣ ਲੱਗਿਆ।
ਪਿੰਡ ਦੇ ਸਾਬਕਾ ਸਰਪੰਚ ਦਾ ਖਾਸ਼ ਯੋਗਦਾਨ: ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਵੱਲੋਂ ਸਕੂਲ ਦੀ ਨਵੀਂ ਇਮਾਰਤ ਲਈ ਡੇਢ ਕਨਾਲ ਜ਼ਮੀਨ ਦਿੱਤੀ ਗਈ। ਇਸ ਤੋਂ ਇਲਾਵਾ ਸਮਾਜ ਸੇਵੀਆਂ ਵੱਲੋਂ 25 ਤੋਂ 28 ਲੱਖ ਰੁਪੈ ਹੈ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਦੀ ਦਿੱਖ ਬਦਲਣ ਲਈ ਦਿੱਤਾ ਗਿਆ। ਸਿੱਖਿਆ ਖੇਤਰ ਵਿਚ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਦੇ ਵਿਦਿਆਰਥੀਆਂ ਵੱਲੋਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਇਸ ਸਕੂਲ ਨੂੰ ਕਰੀਬ 30 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ।
ਹੁਣ ਲੋਕਾਂ ਨੂੰ ਅਪੀਲ ਕਰਨ ਦੀ ਲੋੜ ਨਹੀ: ਅਧਿਆਪਕਾ ਰਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਪਿੰਡ-ਪਿੰਡ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਨ ਦੀ ਲੋੜ ਨਹੀਂ ਪੈਂਦੀ ਸਗੋਂ ਨੇੜੇ ਦੇ 15 ਤੋਂ 20 ਪਿੰਡਾਂ ਦੇ ਵਿਦਿਆਰਥੀ ਉਨ੍ਹਾਂ ਪਾਸ ਪੜਨ ਲਈ ਆ ਰਹੇ ਹਨ। ਇੱਥੇ ਦਾਖਲੇ ਲਈ ਮਾਪਿਆਂ ਵੱਲੋਂ ਅਡਵਾਂਸ ਵਿਚ ਹੀ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ
ਸਟਾਫ ਦੀ ਰੜ੍ਹਕਦੀ ਹੈ ਘਾਟ: ਅਧਿਆਪਕ ਰਾਜਿੰਦਰ ਸਿੰਘ ਨੇ ਕਿਹਾ ਕਿ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿੱਚ ਇਸ ਸਮੇਂ ਇਕ ਹੀ ਘਾਟ ਰੜ੍ਹਕਦੀ ਹੈ। ਅਧਿਆਪਕ ਨੇ ਦੱਸਿਆ ਕਿ ਸਕੂਲ ਵਿੱਚ ਹੋਰ ਸਟਾਫ ਦੀ ਜਰੂਰ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਰਕਾਰ ਹੁਣ ਸਕੂਲ ਦੀ ਇਸ ਘਾਟ ਨੂੰ ਵੀ ਪੂਰਾ ਕਰੇਗੀ। ਅਧਿਆਪਕ ਨੇ ਕਿਹਾ ਕਿ ਜੇਕਰ ਸਕੂਲ ਵਿੱਚ ਅਧਿਆਪਕ ਦੀ ਘਾਟ ਪੂਰੀ ਹੋ ਜਾਵੇ ਤਾਂ ਸਰਕਾਰੀ ਸਕੂਲਾਂ ਦੀ ਤੋਂ ਬਹਿਤਰ ਹੋਣ ਦੀ ਗੱਲ ਤਾਂ ਦੂਰ ਕੋਈ ਉਨ੍ਹਾਂ ਦੇ ਬਰਾਬਰ ਹੋਣ ਬਾਰੇ ਵੀ ਸੋਚ ਨਹੀਂ ਸਕੇਗਾ।
ਇਹ ਵੀ ਪੜ੍ਹੋ:- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ, ਗੁਰਜੰਟ ਸਿੰਘ ਕੱਟੂ ਨੂੰ ਉਤਾਰਿਆ ਮੈਦਾਨ 'ਚ