ਬਠਿੰਡਾ: ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲੈਂਦੇ ਹੋਏ ਧਾਰਮਿਕ ਅਤੇ ਸਿਆਸੀ ਲੋਕਾਂ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ( withdrawal of security for religious and political people) ਬੁਲਾਉਣ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਰਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਸੱਤਾ ਹਾਸਲ ਕਰਨ ਲਈ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਪਰ ਹੁਣ ਉਹ ਵਾਅਦੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਜਿਸ ਕਾਰਨ ਹੁਣ ਇੰਨ੍ਹਾਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਸਿਆਸੀ ਲੋਕਾਂ ਦੀ ਸੁਰੱਖਿਆ ਵਾਪਸ ਲਈ ਜਾ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਤਿੰਨ ਤੋਂ ਚਾਰ ਕਤਲ ਹੋ ਰਹੇ ਹਨ ਅਤੇ ਪੰਜਾਬ ਦੀ ਸੁਰੱਖਿਆ ਰੱਬ ਆਸਰੇ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿਆਸੀ ਅਤੇ ਧਾਰਮਿਕ ਆਗੂਆਂ ਦੀ ਸੁਰੱਖਿਆ ਵਾਪਸ ਲੈਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਰਕਾਰੀ ਖਿਲਾਫ਼ ਭੜਾਸ ਕੱਢਦੇ ਹੋਏ ਕਿਹਾ ਕਿ ਪੱਛਮੀ ਬੰਗਾਲ ਅਤੇ ਕੇਰਲ ਦੀ ਤਰਜ਼ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਰਐੱਸਐੱਸ ਅਤੇ ਭਾਜਪਾ ਆਗੂਆਂ ਦੇ ਕਤਲ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਲੋਕਾਂ ਦਾ ਧਿਆਨ ਭੜਕਾ ਸਕੇ।
ਸੁਖਪਾਲ ਸਰਾਂ ਨੇ ਕਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਅਤੇ ਆਏ ਦਿਨ ਇੱਥੇ ਡਰੋਨ ਰਾਹੀਂ ਨਸ਼ਾ ਅਤੇ ਅਸਲਾ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀ ਸੁਰੱਖਿਆ ਦੀ ਇਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਵਿੱਚ ਡੇਢ ਕਰੋੜ ਲੋਕਾਂ ਕੋਲੋਂ ਲਾਇਸੈਂਸੀ ਹਥਿਆਰ ਹਨ ਅਤੇ ਆਏ ਦਿਨ ਗੈਂਗਸਟਰ ਵੱਲੋਂ ਇੱਥੇ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਕਾਰਨ ਪੰਜਾਬ ਦਾ ਮਾਹੌਲ ਅਜਿਹਾ ਹੈ ਕਿ ਇੱਥੇ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਸੁਰੱਖਿਆ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਫ਼ੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਨਹੀਂ ਆਉਂਦੇ ਦਿਨਾਂ ਵਿੱਚ ਪੰਜਾਬ ਦਾ ਮਾਹੌਲ ਹੋਰ ਖ਼ਰਾਬ ਹੋਵੇਗਾ।
ਇਹ ਵੀ ਪੜ੍ਹੋ: ਸਰਕਾਰ ਵਲੋਂ ਵੀਆਈਪੀ ਸੁਰੱਖਿਆ ’ਚ ਕਟੌਤੀ, ਵਿਰੋਧੀਆਂ ਨੇ ਖੜੇ ਕੀਤੇ ਸਵਾਲ